ਅੰਮ੍ਰਿਤਸਰ: 1947 ਦੀ ਭਾਰਤ ਪਕਿਸਤਾਨ ਵੰਡ (Partition of India and Pakistan) ਦੌਰਾਨ ਪੰਜਾਬ ਦੋ ਟੁਕੜਿਆ ਵਿੱਚ ਵੰਡਿਆ ਗਿਆ। ਪਰ ਅੱਜ ਵੀ ਸਰਹੱਦੀ ਇਲਾਕਿਆ (Border areas) ਦੇ ਕਿਸਾਨ ਤਾਰ ਤੋਂ ਪਾਰ ਖੇਤੀ ਕਰਦੇ ਹਨ। ਅੰਮ੍ਰਿਤਸਰ (Amritsar) ਜ਼ਿਲ੍ਹੇ ਦਾ ਇੱਕ ਕਿਸਾਨ ਤਾਰ ਦੇ ਪਾਰ ਆਪਣੇ ਖੇਤਾਂ ਵਿੱਚ ਗਿਆ ਹੋਇਆ ਸੀ। ਇਸੇ ਦੌਰਾਨ ਹੀ ਉਸਦੀ ਸੱਪ ਲੜਨ ਕਰਕੇ ਮੌਕੇ ਤੇ ਹੀ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਅਤੇ ਪਿੰਡ ਧੁੱਪਸੜੀ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਝੋਨੇ ਨੂੰ ਸਪਰੇਅ ਕਰਨ ਗਏ ਉਸਦੇ ਵੱਢੇ ਭਰਾ ਦੀ ਅੱਜ ਅਚਾਨਕ ਸੱਪ ਲੜਨ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਮੇਰਾ ਭਰਾ ਮਹਿੰਦਰ ਸਿੰਘ (52 ਸਾਲ) ਆਪਣੇ ਪੁੱਤਰਾਂ ਅਤੇ ਪੰਪ ਵਾਲੇ ਵਿਅਕਤੀ ਨੂੰ ਨਾਲ ਲੈ ਕੇ ਝੋਨੇ ਨੂੰ ਸਪਰੇਅ ਕਰਨ ਗਿਆ ਸੀ। ਉੱਥੇ ਪਾਣੀ ਦਾ ਨੱਕਾ ਲਗਾਉਣ ਸਮੇਂ ਅਚਾਨਕ ਹੀ ਉਸਦੇ ਸੱਪ ਲੜ ਗਿਆ।