ਅੰਮ੍ਰਿਤਸਰ : ਬੀਤੀ ਸ਼ਾਮ ਅਟਾਰੀ ਵਾਹਗਾ ਸਰਹੱਦ ਦੇ ਨਾਲ ਲੱਗਦੇ ਪਿੰਡ ਮਹਾਵਾ ਵਿੱਖੇ ਫ਼ਸਲ ਦੀ ਕਟਾਈ ਦੇ ਦੌਰਾਨ ਸਾਬਕਾ ਫੌਜੀ ਕਿਸਾਨ ਬਿਕਰਮਜੀਤ ਸਿੰਘ ਦੇ ਖੇਤਾਂ ਵਿੱਚ ਇਕ ਪਾਕਿਸਤਾਨੀ ਡਰੋਨ ਕੰਬਾਈਨ ਮਸ਼ੀਨ ਅੱਗੇ ਡਿੱਗਾ ਮਿਲਿਆ। ਇਸ ਉਤੇ ਉਕਤ ਕਿਸਾਨ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਅਧਿਕਾਰੀਆਂ ਤੇ ਬੀਐਸਐਫ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਫਸਲ ਦੀ ਵਾਢੀ ਕਰਦਿਆਂ ਮਿਲਿਆ ਡਰੋਨ :ਸੂਚਨਾ ਮਿਲਦਿਆਂ ਹੀ ਪੁਲਿਸ ਤੇ ਬੀਐਸਐਫ ਅਧਿਕਾਰੀ ਮੌਕੇ ਉਤੇ ਪਹੁੰਚੇ ਤੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਕਾਬਲ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਸਰਹੱਦ ਨਾਲ ਲੱਗਦੇ ਹਨ, ਜਿਸ ਕਾਰਨ ਸਾਨੂੰ ਖੇਤੀ ਕਰਨ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਹੱਦ ਦੀ ਕੰਡਿਆਲੀ ਤਾਰ ਦੇ ਨਾਲ਼ ਲਗਦੀ ਜ਼ਮੀਨ ਹੈ। ਉਥੇ ਖੇਤੀ ਕਰਨੀ ਕਾਫੀ ਮੁਸ਼ਕਲ ਹੋਈ ਪਈ ਹੈ, ਕਿਉਂਕਿ ਇਥੇ ਆਏ ਦਿਨ ਕੋਈ ਨਾ ਕੋਈ ਵਸਤੂ ਜਾਂ ਤਾਂ ਵਗ੍ਹਾ ਕੇ ਪਾਕਿਸਤਾਨ ਵਿੱਚੋਂ ਤਸਕਰਾਂ ਵੱਲੋਂ ਇਧਰ ਭੇਜੀ ਜਾਂਦੀ ਹੈ ਤੇ ਜਾਂ ਫਿਰ ਡਰੋਨ ਰਾਹੀਂ।
ਡਰੋਨ ਮਿਲਦਿਆਂ ਹੀ ਪੁਲਿਸ ਤੇ ਬੀਐਸਐਫ ਨੂੰ ਕੀਤਾ ਸੂਚਿਤ :ਉਨ੍ਹਾਂ ਕਿਹਾ ਕਿ ਕਦੇ ਕਿਸੇ ਦੀ ਜ਼ਮੀਨ ਦੇ ਵਿਚ ਡਰੋਨ ਡਿੱਗਾ ਮਿਲਦਾ ਹੈ ਤੇ ਕਦੇ ਕਿਸੇ ਦੀ ਜ਼ਮੀਨ ਵਿਚ ਹਥਿਆਰ ਪਏ ਮਿਲਦੇ ਹਨ। ਅੱਜ ਦੁਪਹਿਰ ਦੋ ਵਜੇ ਸਾਬਕਾ ਫੌਜੀ ਬਿਕਰਮਜੀਤ ਸਿੰਘ ਕੰਬਾਈਨ ਮਸ਼ੀਨ ਨਾਲ ਆਪਣੀ ਫਸਲ ਦੀ ਕਟਾਈ ਕਰ ਰਿਹਾ ਸੀ ਤਾਂ ਵਾਹਣ ਵਿੱਚ ਇਕ ਸ਼ੱਕੀ ਵਤਸੂ ਦਿਸੀ, ਜਦੋਂ ਉਨ੍ਹਾਂ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਇਹ ਡਰੋਨ ਹੈ। ਇਸ ਸਬੰਧੀ ਉਨ੍ਹਾਂ ਤੁਰੰਤ ਥਾਣਾ ਘਰਿੰਡਾ ਦੀ ਪੁਲਸ ਤੇ ਬੀਐਸਐਫ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।