ਅੰਮ੍ਰਿਤਸਰ: ਮਜੀਠਾ ਰੋਡ ਬਾਈਪਾਸ 'ਤੇ ਦੇਰ ਰਾਤ ਇੱਕ ਸ਼ਰਾਬੀ ਟਰੱਕ ਡਰਾਈਵਰ ਵੱਲੋਂ ਮੋਟਰਸਾਈਕਲ ਸਵਾਰ ਮਾਂ-ਧੀ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਬਜ਼ੁਰਗ ਵਿਅਕਤੀ ਵੀ ਜ਼ਖ਼ਮੀ ਹੋ ਗਿਆ।
ਅੰਮ੍ਰਿਤਸਰ 'ਚ ਸ਼ਰਾਬੀ ਟਰੱਕ ਚਾਲਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ-ਧੀ ਦੀ ਮੌਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਮਜੀਠਾ ਤੋਂ ਦਰਗਾਹ 'ਤੇ ਮੱਥਾ ਟੇਕ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਰਤ ਰਹੇ ਸਨ। ਇਸ ਦੌਰਾਨ ਬਾਈਪਾਸ 'ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਔਰਤ ਤੇ ਉਸ ਦੀ ਧੀ ਟਰੱਕ ਦੇ ਪਿੱਛੇ ਟਾਇਰ ਅੱਗੇ ਡਿੱਗ ਗਈਆਂ ਅਤੇ ਟਰੱਕ ਉਪਰੋਂ ਲੰਘ ਗਿਆ।
ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਪਰਿਵਾਰ ਮਨਜੀਤ ਕੌਰ (ਉਮਰ 45 ਸਾਲ) ਤੇ ਸੁਰਜੀਤ ਸਿੰਘ ਆਪਣੀ ਕੁੜੀ ਅਨੂ ਕੌਰ (ਉਮਰ 25 ਸਾਲ) ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸਨ। ਇਸ ਦੌਰਾਨ ਪਿੱਛੋਂ ਇੱਕ ਟਰੱਕ ਆਇਆ ਅਤੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਮਾਂ-ਧੀ ਟਰੱਕ ਦੇ ਪਿਛਲੇ ਟਾਇਰ ਅੱਗੇ ਡਿੱਗ ਗਈਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਦਕਿ ਸੁਰਜੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਚਾਲਕ ਨੇ ਟਰੱਕ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅੱਗੇ ਨਾਕੇ 'ਤੇ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਿਰੁੱਧ ਧਾਰਾ 304 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।