ਗੁਰਬਾਣੀ ਪ੍ਰਸਾਰਣ ਨੂੰ ਲੈਕੇ ਧਰਮੀ ਫੌਜੀਆਂ ਦਾ ਐਲਾਨ ਅੰਮ੍ਰਿਤਸਰ:ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਵਿੱਚ ਖਿੱਚੋਤਾਣ ਚੱਲ ਰਹੀ ਸੀ, ਇਸ ਦੌਰਾਨ ਹੁਣ ਗੁਰਬਾਣੀ ਪ੍ਰਸਾਰਣ ਸੈਟੇਲਾਈਟ ਚੈਨਲ ਉੱਤੇ ਲਾਈਵ ਚਲਾਉਣ ਨੂੰ ਲੈ ਕੇ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਦੌਰਾਨ ਆਪਣੀ ਨੌਕਰੀ ਛੱਡ ਕੇ ਧਰਮੀ ਫੌਜੀ ਅਖਵਾਉਣ ਵਾਲੇ ਫੌਜੀਆਂ ਵੱਲੋਂ ਦਰਬਾਰ ਸਾਹਿਬ ਉੱਤੇ ਗੁਰਬਾਣੀ ਪ੍ਰਸਾਰਣ ਲਈ ਆਪਣਾ ਸੇਟਲਾਈਟ ਚੈਨਲ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਖੁਦ ਦਾ ਸੈਟੇਲਾਈਟ ਚੈਨਲ:ਧਰਮੀ ਫੌਜੀਆਂ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਉੱਤੇ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟਲਾਈਟ ਚੈਨਲ ਨਹੀਂ ਚਲਾਉਂਦੀ ਤਾਂ ਉਹ ਦੇਸ਼ ਦੇ ਧਰਮੀ ਫੌਜੀਆਂ ਨੂੰ ਮੌਕਾ ਦੇਣ ਅਸੀਂ ਆਪਣਾ ਖੁਦ ਦਾ ਸੈਟੇਲਾਈਟ ਚੈਨਲ ਚਲਾਵਾਂਗੇ।
ਸਿੱਖ ਸੰਗਤ ਨਾਲ ਧੋਖਾ:ਧਰਮੀ ਫੌਜੀਆਂ ਨੇ ਕਿਹਾ ਕਿ ਐੱਸਜੀਪੀਸੀ ਸੰਗਤ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕਰ ਰਹੀ ਹੈ ਅਤੇ ਐੱਸਜੀਪੀਸੀ ਯੂ-ਟਿਊਬ ਚੈਨਲ ਚਲਾ ਕੇ ਸੰਗਤਾਂ ਨੂੰ ਧੋਖੇ ਵਿੱਚ ਰੱਖ ਰਹੀ ਹੈ। ਸਾਬਕਾ ਫੌਜੀਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਯੂ-ਟਿਊਬ ਚੈਨਲ ਚਲਾਇਆ ਗਿਆ ਹੈ। ਉਸ ਦੇ ਵਿੱਚ ਜੋ ਲੋਗੋ ਤਿਆਰ ਕੀਤਾ ਗਿਆ ਹੈ ਉਸ ਦੇ ਉੱਪਰ ਵੀ ਫੁੱਲ ਦਾ ਨਿਸ਼ਾਨ ਹੈ ਜੋ ਚੈਨਲ ਦੇ ਆਰਐੱਸਐੱਸ ਅਧੀਨ ਹੋਣ ਦਾ ਸੁਨੇਹਾ ਦਿੰਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਗੱਲ ਸਾਹਮਣੇ ਆਈ ਸੀ ਤਾਂ ਉਦੋਂ ਹੀ ਅਸੀਂ ਆਪਣੀ ਫੌਜ ਦੀ ਨੌਕਰੀ ਛੱਡ ਦਿੱਤੀ ਸੀ। ਹੁਣ ਜੇਕਰ ਕੌਮ ਦੇ ਉੱਪਰ ਬਿਪਤਾ ਆਉਂਦੀ ਹੈ ਤਾਂ ਧਰਮੀ ਫੌਜੀ ਪਿੱਛੇ ਕਿਉਂ ਰਹਿਣ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਜੇਕਰ ਉਨ੍ਹਾਂ ਦੀ ਮੰਗ ਨੂੰ ਜਲਦੀ ਨਹੀਂ ਮੰਨਦੇ ਤਾਂ ਉਹ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨਗੇ।
ਇੱਥੇ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਵਿੱਚ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਸਰਕਾਰ ਅਤੇ ਐੱਸਜੀਪੀਸੀ ਵਿਚਕਾਰ ਕਾਫੀ ਜ਼ੁਬਾਨੀ ਜੰਗ ਚੱਲੀ ਸੀ। ਐੱਸਜੀਪੀਸੀ ਵੱਲੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ ਅਤੇ ਸੈਟੇਲਾਈਟ ਚੈਨਲ ਬਣਾਉਣ ਦੀ ਪ੍ਰਕ੍ਰਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਦੇਸ਼ ਦੇ ਧਰਮੀ ਫੌਜੀਆਂ ਵੱਲੋਂ ਆਪਣਾ ਸੈਟੇਲਾਈਟ ਸ਼ੁਰੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ।