ਅੰਮ੍ਰਿਤਸਰ : ਮਜੀਠਾ ਹਲਕੇ ਦੇ ਪਿੰਡ ਚਵਿੰਡਾ ਦੇਵੀ ਦੇ ਇੱਕ ਪਰਿਵਾਰ ਲਈ 2023 ਦੀ ਵਿਸਾਖੀ ਦਾ ਦਿਨ ਉਸ ਸਮੇਂ ਦੁੱਖ ਦਾ ਪਹਾੜ ਬਣ ਗਿਆ, ਜਦੋਂ ਉਨ੍ਹਾਂ ਦੇ ਇਕਲੌਤੇ 4 ਸਾਲਾ ਪੁੱਤਰ ਸਮਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਮ੍ਰਿਤਕ ਦੀ ਮਾਤਾ ਕਰਮਜੀਤ ਕੌਰ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਲੜਕੇ ਸਮਰ ਵਾਲ ਆਪਣੇ ਪੇਕਿਆਂ ਤੋਂ ਵਾਪਸ ਘਰ ਆ ਰਹੀ ਸੀ ਕਿ ਪਿੰਡ ਨਾਗੋਕੇ ਤੋਂ ਪਰਤਦੇ ਸਮੇਂ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆ ਗਏ। ਆਲੇ-ਦੁਆਲੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਗੰਭੀਰ ਹਾਲਤ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਐਮਰਜੈਂਸੀ ਵਾਰਡ ਵਿਚ ਸ਼ਿਫਟ ਕੀਤਾ, ਪਰ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਮ੍ਰਿਤਕ ਦਾ ਮਾਤਾ ਦੇ ਬਿਆਨਾ ਉਤੇ ਮਾਮਲਾ ਕੀਤਾ ਦਰਜ :ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ। ਇਸ ਦੌਰਾਨ ਏਐਸਆਈ ਚੌਕੀ ਚਵਿੰਡਾ ਦੇਵੀ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੀ ਮਾਤਾ ਕਰਮਜੀਤ ਕੌਰ ਜੋ ਕਿ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਡਾਕਟਰਾਂ ਦੀ ਮਨਜ਼ੂਰੀ ਤੋਂ ਬਾਅਦ ਪੀੜਤਾ ਦੇ ਬਿਆਨਾਂ ’ਤੇ ਪਿੰਡ ਰੂਪੇਵਾਲੀ ਕਲਾਂ, ਵਾਸੀ ਸ. ਅਮਨ ਪੁੱਤਰ ਰਾਜਵਿੰਦਰ ਵਿਰੁੱਧ ਧਾਰਾ 304ਏ, 279, 337 ਅਤੇ 338 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਬਾਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।