ਅੰਮ੍ਰਿਤਸਰ: ਸੁਲਤਾਨ ਵਿੰਡ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦਰਅਸਲ ਉਸ ਦੀ ਆਖ਼ਰੀ ਪ੍ਰੀਖਿਆ ਸੀ ਤੇ ਜਿਸ ਵੇਲੇ ਉਹ ਪ੍ਰੀਖਿਆ ਦੇਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਤੇ ਉਸ ਦੀ ਮੌਤ ਹੋ ਗਈ।
ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਮੌਤ ਦਿਲਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦਿਲਪ੍ਰੀਤ ਸਵੇਰੇ ਪੇਪਰ ਦੇਣ ਲਈ ਘਰੋਂ ਆਇਆ ਸੀ, ਪਰ ਰਸਤੇ ਵਿੱਚ ਦਿਲਪ੍ਰੀਤ ਐਕਟਿਵਾ ਤੋਂ ਡਿੱਗ ਗਿਆ ਜਿਸ ਤੋਂ ਬਾਅਦ ਇੱਕ ਤੇਜ਼ ਰਫਤਾਰ ਆਟੋ ਦਿਲਪ੍ਰੀਤ ਦੇ ਸਿਰ ਉੱਪਰੋਂ ਲੰਘ ਗਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਦਿਲਪ੍ਰੀਤ ਨੂੰ ਕਿਸ ਨੇ ਮਾਰਿਆ ਹੈ ਅਤੇ ਇਸ ਪਿੱਛੇ ਕੌਣ ਦੋਸ਼ੀ ਹੈ।
ਇਸ ਮੌਕੇ ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਮੁਖੀ ਗੁਰਵਿੰਦਰ ਸਿੰਘ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਗਈ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।