ਅੰਮ੍ਰਿਤਸਰ: ਕੈਪਟਨ ਸਰਕਾਰ ਨੇ ਸੱਤ੍ਹਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸਨ ਕਿ ਉਹ ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜ ਕੇ ਰੱਖ ਦੇਣਗੇ, ਪਰ ਹਾਲਾਤ ਤਾਂ ਕੁੱਝ ਹੋਰ ਹੀ ਹਨ। ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਮੁੱਛਲ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿੰਡ ਦੇ 6 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਲੋਕਾਂ ਦੀ ਮੌਤ ਹੋਈ ਉਹ ਸਾਰੇ ਹੀ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਹਨ।
ਜ਼ਹਿਰੀਲੀ ਸ਼ਰਾਬ ਨੇ 6 ਘਰ ਉਜਾੜੇ, ਪਿੰਡ ਵਿੱਚ ਹੀ ਵਿਕਦੀ ਹੈ ਸ਼ਰਾਬ ਪਿੰਡ ਵਾਲਿਆਂ ਦਾ ਕਹਿਣਾ ਹੈ ਕੀ ਪਿੰਡ ਦੇ ਕਾਫ਼ੀ ਘਰਾਂ ਵਿੱਚ ਸ਼ਰਾਬ ਵੇਚੀ ਜਾਂਦੀ ਹੈ। ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਪਰ ਇਨ੍ਹਾਂ ਸ਼ਰਾਬ ਵੇਚਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੁਲਿਸ ਕਾਰਵਾਈ ਦੌਰਾਨ ਉਲਟਾ ਉਨ੍ਹਾਂ ਨੂੰ ਹੀ ਪੁੱਛ ਰਹੀ ਹੈ ਕਿ ਦੱਸੋ ਇਹ ਸ਼ਰਾਬ ਕਿਥੋਂ ਪੀ ਕੇ ਆਏ ਸਨ।
ਉੱਥੇ ਹੀ ਮੌਕੇ 'ਤੇ ਮੌਜੂਦ ਇੱਕ ਦੁਖੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤ ਸਿਰੇ ਦਾ ਸ਼ਰਾਬੀ ਹੈ, ਉਸ ਦੇ ਪੁੱਤ ਨੇ ਉਸ ਨੂੰ ਘਰੋਂ ਵੀ ਕੱਢ ਦਿੱਤਾ ਹੈ। ਬੀਬੀ ਨੇ ਦੱਸਿਆ ਕਿ ਜਿਨ੍ਹਾਂ ਘਰਾਂ ਵਿੱਚ ਸ਼ਰਾਬ ਵਿਕਦੀ ਹੈ ਉਹ ਉਨ੍ਹਾਂ ਦੀ ਗਲੀ ਵਿੱਚ ਰੌਲਾ ਪਾ ਕੇ ਜਾਂਦੀ ਹੈ ਤਾਂ ਸਰਾਬ ਵੇਚਣ ਉਸ ਨੂੰ ਇਹ ਕਹਿੰਦੇ ਹਨ ਕਿ ਕੋਈ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ, ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਡੀ.ਐੱਸ.ਪੀ. ਨੂੰ 50-50 ਹਜ਼ਾਰ ਮਹੀਨਾ ਵੀ ਦਿੰਦੇ ਹਨ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਹੋਰ ਮਾਪਿਆਂ ਦੇ ਘਰ ਤਬਾਹ ਹੋਣ ਤੋਂ ਬਚ ਜਾਣ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਿੱਚ ਚਾਰ ਮੌਤਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਦਾ ਪੋਸਟ ਮਾਰਟਮ ਨਹੀਂ ਕਰਵਾਇਆ ਗਿਆ। ਪਿੰਡ ਵਾਲੇ ਜਿਨ੍ਹਾਂ ਦੇ ਘਰ ਦੇ ਜੀਅ ਚਲੇ ਗਏ ਉਹ ਛੇ ਲੋਕਾਂ ਦੀ ਮੌਤ ਦੀ ਜਾਣਕਾਰੀ ਦੇ ਰਹੇ ਹਨ, ਜਦਕਿ ਪੁਲਿਸ ਵਾਲੇ 4 ਮੌਤਾਂ ਹੀ ਦਸ ਰਹੇ ਹਨ।