ਅੰਮ੍ਰਿਤਸਰ: ਬਾਬਾ ਬੁੱਢਾ ਸਾਹਿਬ ਜੀ ਦਾ 514ਵਾਂ ਜਨਮ ਦਿਹਾੜਾ ਦਿਨ ਸ਼ੁੱਕਰਵਾਰ ਨੂੰ ਪੂਰੀ ਸ਼ਰਧਾ ਨਾਲ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਕੱਥੂਨੰਗਲ ਵਿਖੇ ਮਨਾਇਆ ਜਾ ਗਿਆ। ਬਾਬਾ ਬੁੱਢਾ ਜੀ ਦਾ ਜਨਮ (7 ਕੱਤਕ 1563 ਬਿਕ੍ਰਮੀ) ਜਾਂ (22 ਅਕਤੂਬਰ, 1506) ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ।
ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਦੂਰੋਂ-ਦੂਰੋਂ ਸੰਗਤ ਨਤਮਸਤਕ ਹੋਣ ਉਨ੍ਹਾਂ ਦੇ ਦਰ ਉੱਤੇ ਪਹੁੰਚੀਆਂ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੇ ਦੱਸਿਆ ਕਿ ਬਾਬਾ ਬੁੱਢਾ ਜੀ ਦਾ ਇਹ ਅਸਥਾਨ ਬਹੁਤ ਬਰਕਤਾਂ ਵਾਲਾ ਹੈ। ਬਾਬਾ ਬੁੱਢਾ ਜੀ ਨੇ ਆਪਣਾ ਜੀਵਨ ਸੰਗਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਤਿਆਰ ਹੋਣ ਉਪਰੰਤ ਪਹਿਲੇ ਗ੍ਰੰਥੀ ਥਾਪਿਆ ਸੀ।
ਅੱਜ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ, ਕੱਥੂਨੰਗਲ ਵਿਖੇ ਉਨ੍ਹਾਂ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਤੇ ਕੀਰਤਨ ਦੇ ਦੀਵਾਨ ਸਜਾਏ ਸਜਾਏ ਗਏ। ਉੱਥੇ ਹੀ ਨਤਮਸਤਕ ਹੋਣ ਲਈ ਪਹੁੰਚੀਆਂ ਸੰਗਤਾਂ ਦੇ ਲਈ ਲੰਗਰ ਦੇ ਖ਼ਾਸ ਪ੍ਰਬੰਧ ਕੀਤੇ ਗਏ।