ਅੰਮ੍ਰਿਤਸਰ: ਪੂਰੀ ਦੁਨੀਆਂ ਵਿੱਚ ਵਾਤਾਵਰਨ ਦੀ ਸ਼ੁੱਧਤਾ ਨੂੰ ਲੈ ਕੇ ਕਾਫ਼ੀ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ। ਕਈ ਸੰਸਥਾਵਾਂ ਵਾਤਾਵਰਣ ਨੂੰ ਸਾਫ਼ ਰੱਖਣ ਲਈ ਉਪਰਾਲੇ ਕਰ ਰਹੀਆਂ ਹਨ।
ਇਸੇ ਤਹਿਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ.ਰੂਪ ਸਿੰਘ ਦੀ ਸੋਚ ਅਧੀਨ ਦਰਬਾਰ ਸਾਹਿਬ ਕੋਲ ਲੰਗਰ ਹਾਲ ਦੇ ਸਾਹਮਣੇ "ਗੁਰੂ ਕਾ ਬਾਗ਼" ਬਣਾਇਆ ਗਿਆ ਹੈ, ਜਿਸ ਵਿੱਚ ਅਨੇਕਾਂ ਪ੍ਰਕਾਰ ਦੇ ਫੁੱਲ ਅਤੇ ਬੂਟੇ ਲਾਏ ਗਏ ਹਨ, ਜਿਸ ਕਾਰਨ ਦਰਬਾਰ ਸਾਹਿਬ ਕੋਲ ਮਨਮੋਹਕ ਅਤੇ ਸੋਹਣਾ ਦ੍ਰਿਸ਼ ਬਣਿਆ ਹੋਇਆ ਹੈ।
ਈਟੀਵੀ ਭਾਰਤ ਵੱਲੋਂ "ਗੁਰੂ ਕੇ ਬਾਗ਼" ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ "ਗੁਰੂ ਕੇ ਬਾਗ਼" ਵਿੱਚ 486 ਤਰ੍ਹਾਂ ਦੇ ਗੁਲਾਬ, ਚੰਦਨ, ਅੰਜੀਰ, ਅੰਬ, ਅਖਰੋਟ, ਨਿੰਮ ਆਦਿ ਦੇ ਬੂਟੇ ਲਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਹਰੜ, ਬਹੇੜਾ, ਰੀਠਾ ਆਦਿ ਦੇ ਬੂਟੇ ਲਾਏ ਗਏ ਹਨ, ਜਿਨ੍ਹਾਂ ਦੀ ਆਬੋ ਹਵਾ ਦਵਾਈ ਦੇ ਵਾਂਗ ਕੰਮ ਆਉਂਦੀ ਹੈ। ਡਾ.ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 10 ਹਜ਼ਾਰ ਦੇ ਕਰੀਬ ਮੌਸਮੀ ਬੂਟੇ ਲਾਏ ਗਏ ਸਨ ਤੇ ਹੁਣ ਗਰਮੀ ਨੂੰ ਮੁੱਖ ਰੱਖਦੇ ਹੋਏ ਹੋਰ ਬੂਟੇ ਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਫੁੱਲਾਂ ਦੇ ਬੂਟਿਆਂ ਅਤੇ ਦਰੱਖਤਾਂ ਕਰਕੇ ਵਾਤਾਵਰਨ ਸਾਫ਼ ਰਹਿੰਦਾ ਹੈ ਅਤੇ ਮਕਸਦ ਇਹ ਹੈ ਕਿ ਦਰਬਾਰ ਸਾਹਿਬ ਦਾ ਚੌਗਿਰਦਾ ਸਾਫ਼ ਸ਼ੁੱਧ ਅਤੇ ਬਿਮਾਰੀ ਰਹਿਤ ਰਹੇ ਅਤੇ ਇਸ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਬਾਗ਼ ਸਕੂਨ ਦਿੰਦਾ ਹੈ।