ਅੰਮ੍ਰਿਤਸਰ: ਲਗਾਤਾਰ ਹੀ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਆਏ ਦਿਨ ਹੀ ਅੰਮ੍ਰਿਤਸਰ ਵਿਚ ਗੋਲੀਆਂ ਚੱਲਣ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸ਼ਰੀਫ਼ਪੁਰਾ ਮੁਹੱਲੇ ਦਾ ਹੈ, ਜਿੱਥੇ ਬੀਤੀ ਰਾਤ 40 ਤੋਂ 50 ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ। ਸ਼ਰੀਫਪੁਰਾ ਦੇ ਇਲਾਕਾ ਵਾਸੀਆਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
40 ਤੋਂ 50 ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਚਲਾਈਆਂ ਗੋਲੀਆਂ :ਇਸ ਸਬੰਧੀ ਇਲਾਕਾ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਹੁਸੈਨਪੁਰਾ ਚੌਕ ਨਜ਼ਦੀਕ ਦੇ ਰਹਿਣ ਵਾਲੇ ਕੁਝ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਰਾਤ ਦੇ ਸਮੇਂ ਸ਼ਰੀਫਪੁਰਾ ਮੁਹੱਲੇ ਵਿੱਚ ਆ ਕੇ ਗੇੜੀਆਂ ਮਾਰਦੇ ਹਨ ਅਤੇ ਹੁੱਲੜਬਾਜ਼ੀ ਕਰਦੇ ਹਨ। ਉਨ੍ਹਾਂ ਨੂੰ ਹੁਲੜਬਾਜ਼ੀ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਵੱਲੋਂ ਰੰਜ਼ਿਸ਼ ਰੱਖਦੇ ਹੋਏ ਬੀਤੀ ਰਾਤ ਮੁਹੱਲੇ ਦੇ ਹੀ ਇੱਕ ਨੌਜਵਾਨ ਨਾਲ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਹਨਾਂ ਨੇ ਆਪਣੇ 40 ਤੋਂ 50 ਸਾਥੀਆਂ ਨੂੰ ਬੁਲਾ ਕੇ ਗੋਲੀਆਂ ਚਲਾਈਆਂ। ਇਸ ਤਰ੍ਹਾਂ ਦੋਵਾਂ ਧਿਰਾਂ ਦੀ ਆਪਸ ਵਿੱਚ ਝੜਪ ਵੀ ਹੋਈ। ਇਸ ਤੋਂ ਬਾਅਦ ਮੌਕੇ ਉਤੇ ਪੁਲਿਸ ਨੂੰ ਸੱਦਿਆ ਗਿਆ ਉਥੇ ਹੀ ਸ਼ਰੀਫਪੁਰਾ ਮੁਹੱਲਾ ਵਾਸੀਆਂ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕੀਤੀ ਹੈ।