ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਪੰਜਾਬ ਅਤੇ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਜਵਾਨੀ ਨੂੰ ਕੁਰਾਹੇ ਪਾਉਣ ਲਈ ਹਮੇਸ਼ਾ ਹੀ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਨੇ ਅਤੇ ਹੁਣ ਬਦਲੇ ਜ਼ਮਾਨੇ ਵਿੱਚ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਲਈ ਹਾਈਟੈੱਕ ਤਕਨੀਕ ਡਰੋਨ ਦਾ ਇਸਤੇਮਾਲ ਦੇਸ਼ ਦੇ ਦੁਸ਼ਮਣ ਕਰਨ ਰਹੇ ਨੇ। ਹੁਣ ਤਾਜ਼ਾ ਘਟਨਾ ਅੰਮ੍ਰਿਤਸਰ ਦੇ ਅਟਾਰੀ ਸੀਮਾ ਅਧੀਨ ਪੈਂਦੇ ਬੀਓਪੀ ਮੁੱਲਾਕੋਟ ਦੀ ਹੈ। ਦੱਸ ਦਈਏ ਬੀਐੱਸਐੱਫ ਬਟਾਲੀਅਨ 22 ਦੇ ਜਵਾਨ ਗਸ਼ਤ 'ਤੇ ਸਨ ਇਸ ਦੌਰਾਨ ਉਨ੍ਹਾਂ ਨੇ ਅਚਾਨਕ ਡਰੋਨ ਦੀ ਆਵਾਜ਼ ਸੁਣੀ। ਆਵਾਜ਼ ਸੁਣ ਕੇ ਜਵਾਨਾਂ ਨੇ ਡਰੋਨ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਵਾਪਸ ਪਰਤਿਆ ਅਤੇ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਸਰਚ ਅਭਿਆ ਚਲਾਇਆ।
ਹੈਰੋਇਨ ਬਰਾਮਦ:ਫਾਇਰਿੰਗ ਮਗਰੋਂ ਨਾਪਾਕ ਡਰੋਨ ਤਾਂ ਬਚ ਕੇ ਮੁੜ ਆਪਣੇ ਵਤਨ ਵੱਲ ਪਰਤ ਗਿਆ, ਪਰ ਇਸ ਤੋਂ ਮਗਰੋਂ ਬੀਐੱਸਐੱਫ ਦੀ 22 ਬਟਾਲੀਅਨ ਨੇ ਸਰਚ ਆਪ੍ਰੇਸ਼ਨ ਚਲਾਇਆ ਅਤੇ ਹੈਰੋਇਨ ਦੇ 3 ਪੈਕੇਟ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲਏ। ਅਧਿਕਾਰੀਆਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ 3 ਕਿੱਲੋ ਦੇ ਕਰੀਬ ਹੈਰੋਇਨ ਹੋ ਸਕਦੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 20 ਕਰੋੜ ਤੋਂ ਵੀ ਜ਼ਿਆਦਾ ਹੈ। ਪਿਛਲੇ ਪੰਜ ਦਿਨਾਂ ਦੀ ਗੱਲ ਕਰੀਏ ਤਾਂ ਬੀਐੱਸਐੱਫ ਨੇ ਇਹ 5ਵੀਂ ਖੇਪ ਜ਼ਬਤ ਕੀਤੀ ਹੈ। ਬੀਤੇ ਸੋਮਵਾਰ ਬੀਐੱਸਐੱਫ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਬੈਗ ਜ਼ਬਤ ਕੀਤਾ, ਜਿਸ ਵਿੱਚੋਂ ਕਰੀਬ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਬੈਗ ਨੂੰ ਚੁੱਕਣ ਆਏ ਤਸਕਰ ਨੂੰ ਵੀ ਬੀਐੱਸਐੱਫ ਦੀ ਚੌਕਸੀ ਕਾਰਨ ਵਾਪਸ ਪਰਤਣਾ ਪਿਆ, ਪਰ ਜਵਾਨਾਂ ਨੇ ਉਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਸੀ।