ਅੰਮ੍ਰਿਤਸਰ: ਪੰਜਾਬ ਦੀ ਸਭ ਤੋਂ ਵੱਧ ਸੁਰੱਖਿਆ ਵਾਲੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚੋਂ ਸ਼ਨਿੱਚਰਵਾਰ ਦੇਰ ਰਾਤ 3 ਕੈਦੀ ਫ਼ਰਾਰ ਹੋ ਗਏ ਹਨ। ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਪੂਰੇ ਇਲਾਕੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਫ਼ਰਾਰ - ਅੰਮ੍ਰਿਤਸਰ ਕੇਂਦਰੀ ਜੇਲ੍ਹ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚੋਂ ਸ਼ਨਿੱਚਰਵਾਰ ਦੇਰ ਰਾਤ 3 ਕੈਦੀ ਫ਼ਰਾਰ ਹੋ ਗਏ। ਪੁਲਿਸ ਵੱਲੋਂ ਇਨ੍ਹਾਂ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਅੰਮ੍ਰਿਤਸਰ ਜੇਲ੍ਹ ਵਿੱਚੋਂ 3 ਕੈਦੀ ਕੰਧ ਟੱਪ ਕੇ ਫ਼ਰਾਰ ਹੋ ਗਏ। ਫ਼ਰਾਰ ਕੈਦੀਆਂ ਦੀ ਭਾਲ ਲਈ ਵੱਡੇ ਪੱਧਰ ਉੱਤੇ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਹੈ। ਭੱਜਣ ਵਾਲੇ ਹਵਾਲਾਤੀਆਂ ਵਿੱਚੋਂ ਇੱਕ ਦੀ ਪਛਾਣ ਵਿਸ਼ਾਲ ਪੁੱਤਰ ਸਤੀਸ਼ ਕੁਮਾਰ ਉਮਰ 22 ਸਾਲ ਵਾਸੀ ਅਰਾ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ ਜਿਸ ਖ਼ਿਲਾਫ਼ ਥਾਣਾ ਛੇਹਰਟਾ ਵਿੱਚ 2 ਅਪ੍ਰੈਲ 2019 ਨੂੰ ਪੌਕਸੋ ਐਕਟ ਦੀ ਧਾਰਾ 376 ਤਹਿਤ 51 ਨੰਬਰ ਐਫ ਆਈ ਆਰ ਦਰਜ ਸੀ। ਉਹ ਜੇਲ੍ਹ ਵਿੱਚ 5 ਅਪ੍ਰੈਲ 2019 ਤੋਂ ਬੰਦ ਸੀ। ਬਾਕੀ ਦੋ ਭਰਾ ਹਨ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਪੁੱਤਰ ਸੁਖਦੇਵ ਸਿੰਘ ਉਮਰ 34 ਸਾਲ ਤੇ ਜਰਨੈਲ ਪੁੱਤਰ ਸੁਖਦੇਵ ਸਿੰਘ ਉਮਰ 25 ਸਾਲ ਵਾਸੀ ਚੰਡੀਗੜ ਰੋਡ, ਖਡੂਰ ਸਾਹਿਬ, ਤਰਨ ਤਾਰਨ ਵਜੋਂ ਹੋਈ।
ਮੁੱਢਲੀ ਜਾਂਚ ਅਨੁਸਾਰ ਭੱਜਣ ਵਾਲਿਆਂ ਨੂੰ ਹਾਲੇ ਤੱਕ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਮੱਦਦ ਦਾ ਸਬੂਤ ਨਹੀਂ ਮਿਲਿਆ ਹੈ। ਡੀਜੀਪੀ ਦਿਨਕਰ ਗੁਪਤਾ ਮੁਤਾਬਕ ਪਹਿਲਾ ਕੈਦੀਆਂ ਨੇ ਅੰਦਰੂਨੀ ਕੰਧ ਟੱਪੀ ਜੋ ਕਿ 16 ਫੁੱਟ ਦੇ ਕਰੀਬ ਉੱਚੀ ਸੀ ਅਤੇ ਫੇਰ ਬਾਹਰੀ ਦੀਵਾਰ ਟੱਪੀ ਜੋ ਕਿ 21 ਫੁੱਟ ਦੇ ਕਰੀਬ ਉੱਚੀ ਸੀ। ਇਸ ਨੂੰ ਟੱਪਣ ਲਈ ਉਨ੍ਹਾਂ ਸਟੀਲ ਬਾਰ ਦੀ ਹੁੱਕ ਦਾ ਇਸਤੇਮਾਲ ਕੀਤਾ ਅਤੇ ਪੌੜੀ ਬਣਾਉਣ ਲਈ ਰਜਾਈ ਦੇ ਕਵਰ ਦੀ ਵਰਤੋਂ ਕੀਤੀ। ਅੰਤ ਵਿੱਚ ਉਹ ਟਾਵਰ ਨੰਬਰ 10 ਕੋਲੋਂ ਜੇਲ੍ਹ ਕੰਪਲੈਕਸ ਵਿੱਚੋਂ ਭੱਜ ਗਏ ਜਿਹੜਾ ਸੀਸੀਟੀਵੀ ਵਿੱਚ ਕਵਰ ਨਹੀਂ ਹੁੰਦਾ। ਫਿਲਹਾਲ ਕੈਦਿਆਂ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ।