ਅੰਮ੍ਰਿਤਸਰ: ਸੋਸ਼ਲ ਮੀਡੀਆ ਵੈਸੇ ਤਾਂ ਲੋਕਾਂ ਨੂੰ ਮਿਲਾਉਣ ਜਾਂ ਹੋਰ ਜਾਣਕਾਰੀ ਦੇਣ ਦਾ ਕੰਮ ਕਰਦਾ ਹੈ, ਪਰ ਅੰਮ੍ਰਿਤਸਰ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਤੰਗ ਕੀਤੇ ਜਾਣ ਤੋਂ ਬਾਅਦ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਕੁੱਝ ਨੌਜਵਾਨ ਫ਼ੇਸਬੁੱਕ ਉੱਤੇ ਕਾਫ਼ੀ ਤੰਗ ਕਰਦੇ ਸਨ ਅਤੇ ਉਸ ਉੱਤੇ ਝੂਠੇ ਇਲਜ਼ਾਮ ਲਾਉਂਦੇ ਸਨ। ਜਿਸ ਤੋਂ ਬਾਅਦ ਉਸ ਨੇ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ।
ਫ਼ੇਸਬੁੱਕ 'ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਨੌਜਵਾਨ ਨੇ ਕੀਤੀ ਆਤਮ-ਹੱਤਿਆ ਮਾਂ ਨੇ ਦੱਸਿਆ ਕਿ 150 ਦੇ ਕਰੀਬ ਮੁੰਡੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਅੰਦਰ ਵੜੇ ਅਤੇ ਉਸ ਦੇ ਮੁੰਡੇ ਨੂੰ ਤੰਗ ਕਰਨ ਲੱਗੇ, ਜਿਸ ਤੋਂ ਬਾਅਦ ਉਸ ਨੇ ਮੂੰਹ ਵਿੱਚ ਕੁੱਝ ਨਿਗਲ ਲਿਆ। ਮਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਹਾਲੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਮ੍ਰਿਤਕ ਨੌਜਵਾਨ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜੇ ਉਸ ਦੇ ਪੁੱਤਰ ਨੇ ਕੁੱਝ ਗ਼ਲਤ ਕੀਤਾ ਹੈ ਤਾਂ ਉਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਪਰ ਫ਼ਿਲਹਾਲ ਜਿਹੜੇ ਬੰਦਿਆਂ ਕਰ ਕੇ ਉਸ ਦੇ ਪੁੱਤਰ ਨੇ ਖ਼ੁਦਕੁਸ਼ੀ ਕੀਤੀ ਹੈ, ਉਨ੍ਹਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਸੁਖਵਿੰਦਰ ਸਿੰਘ ਸਾਜਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਦਰਜੀ ਦਾ ਕੰਮ ਕਰਦਾ ਸੀ।
ਮੌਕੇ ਉੱਤੇ ਪਹੁੰਚੇ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਅਤੇ ਉਹ ਮੌਕੇ ਉੱਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇੱਕ 24 ਸਾਲਾਂ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਅੰਤਿਮ ਫ਼ੈਸਲਾ ਲਿਆ ਜਾਵੇਗਾ।