ਅੰਮ੍ਰਿਤਸਰ:ਅਕਾਲੀ-ਬੀਜੇਪੀ ਸਰਕਾਰ ਵੇਲੇ ਅੰਮ੍ਰਿਤਸਰ ਵਿੱਚ ਬਣਿਆ ਬੀਆਰਟੀਐਸ ਪ੍ਰਾਜੈਕਟ ਜਿਸ ਵਿੱਚ ਬੀਆਰਟੀਐਸ ਦੇ ਅਧੀਨ ਆਉਣ ਵਾਲੀਆਂ ਲੋਕਲ ਬੱਸਾਂ ਚੱਲਦੀਆਂ ਹਨ, ਪਰ ਫਿਰ ਵੀ ਸ਼ਹਿਰ ਵਾਸੀ ਜਲਦੀ ਆਪਣੀ ਮੰਜਿਲ ਉੱਤੇ ਪਹੁੰਚਣ ਦੇ ਲਈ ਬੀਆਰਟੀਐਸ ਪ੍ਰਾਜੈਕਟ ਦੇ ਅੰਦਰੋਂ ਆਪਣਾ ਵਾਹਨ ਚਲਾਉਂਦੇ ਹਨ, ਜਿਸ ਕਾਰਨ ਹਾਦਸੇ ਵੀ ਹੁੰਦੇ ਹਨ। ਤਾਜ਼ਾ ਮਾਮਲਾ ਅੱਜ ਦਾ ਹੈ ਜਿੱਥੇ ਕਿ ਬੀਆਰਟੀਐਸ ਪ੍ਰਾਜੈਕਟ ਦੇ ਅੰਦਰ ਪੁਤਲੀਘਰ ਨਜ਼ਦੀਕ ਇੱਕ ਕਾਰ ਬੱਸ ਨੂੰ ਓਵਰਟੇਕ ਕਰਦਿਆਂ ਐਕਟੀਵਾ ਨਾਲ ਟਕਰਾਈ, ਜਿਸ ਨਾਲ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਮੌਕੇ ਉੱਤੇ ਹੀ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਤੇਜ਼ ਰਫ਼ਤਾਰੀ ਨੇ ਲਈ ਜਾਨ:ਇਸ ਸਬੰਧੀ ਮੌਕੇ ਉੱਤੇ ਚਸ਼ਮਦੀਦ ਬੀਆਰਟੀਐਸ ਬੱਸ ਡਰਾਈਵਰ ਨੇ ਦੱਸਿਆ ਕਿ ਜਦੋਂ ਇਹ ਕਾਰ ਨੇ ਬੱਸ ਨੂੰ ਓਵਰਟੇਕ ਕੀਤਾ ਤਾਂ ਕਾਰ ਦੀ ਸਪੀਡ ਲਗਭਗ 100 ਦੇ ਕਰੀਬ ਸੀ ਅਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਦਾ ਡਰਾਇਵਰ ਕਾਰ ਨੂੰ ਕੰਟਰੋਲ ਨਹੀਂ ਕਰ ਸਕਿਆ ਅਤੇ ਇਹ ਕਾਰ ਐਕਟੀਵਾ ਵਿੱਚ ਨਾਲ ਟਕਰਾਈ, ਜਿਸ ਨਾਲ ਦੋ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਇਕ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਸਦੇ ਨਾਲ ਹੀ ਉਥੇ ਮੌਜੂਦ ਲੋਕਾਂ ਨੇ ਅਤੇ ਬੀਆਰਟੀਐਸ ਬੱਸ ਦੇ ਡਰਾਈਵਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬੀਆਰਟੀਐਸ ਪ੍ਰਾਜੈਕਟ ਅਧੀਨ ਲੋਕ ਆਪਣਾ ਪ੍ਰਾਈਵੇਟ ਵਾਹਨ ਨਾ ਲੈ ਕੇ ਆਉਣ ਤਾਂ ਜੋ ਕਿ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ।