ਅੰਮ੍ਰਿਤਸਰ: ਯੂ.ਏ.ਈ. ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 177 ਲੋਕਾਂ ਨੂੰ ਆਪਣੇ ਖਰਚ 'ਤੇ ਬੁੱਕ ਕੀਤੇ ਪਹਿਲੇ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਵਤਨ ਲਿਆ ਕੇ ਐਸ.ਪੀ. ਸਿੰਘ ਓਬਰਾਏ ਨੇ ਸੇਵਾ ਦੇ ਖੇਤਰ ਅੰਦਰ ਇੱਕ ਵਾਰ ਮੁੜ ਇਤਿਹਾਸ ਸਿਰਜ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਰ ਕੇ ਇਹ ਪੰਜਾਬੀ ਨੌਜਵਾਨ ਉੱਥੇ ਹੀ ਫ਼ਸੇ ਹੋਏ ਸਨ ਅਤੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਇਨ੍ਹਾਂ ਵਿੱਚੋਂ ਕੁੱਝ ਲੋਕ ਕੰਮ ਕਰਨ ਲਈ ਦੁਬਈ ਗਏ ਸਨ ਅਤੇ ਕੁੱਝ ਲੋਕ ਘੁੰਮਣ ਲਈ ਗਏ ਸਨ, ਪਰ ਇਹ ਉੱਥੇ ਫ਼ਸ ਗਏ ਸਨ।
ਇਸ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਮੁੜੇ ਨੌਜਵਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਉਥੇ ਬਹੁਤ ਹੀ ਹਾਲਾਤ ਮਾੜੇ ਹਨ। ਉਨ੍ਹਾਂ ਕੋਲ ਜੋ ਵੀ ਪੈਸੇ ਸਨ, ਉਹ ਉਥੇ ਖ਼ਰਚ ਕਰ ਦਿੱਤੇ ਅਤੇ ਇਸ ਤੋਂ ਬਾਅਦ ਉਨ੍ਹਾਂ ਕੋਲ ਖਾਣ-ਪੀਣ ਦੇ ਲਈ ਕੁੱਝ ਵੀ ਨਹੀਂ ਸੀ।
177 ਪੰਜਾਬੀ ਵਤਨ ਵਾਪਸ ਪੁੱਜੇ ਵਾਪਸ। ਨੌਜਵਾਨ ਮਨਪ੍ਰੀਤ ਨੇ ਦੱਸਿਆ ਉਹ ਇਥੇ ਕੰਮ ਕਰਨ ਲਈ ਆਇਆ ਸੀ, ਪਰ ਉਸ ਦੇ ਵੀਜ਼ੇ ਦੀ ਮਿਆਦ ਪੂਰੀ ਹੋ ਗਈ ਅਤੇ ਕੋਰੋਨਾ ਕਰ ਕੇ ਹੋਏ ਲੌਕਡਾਊਨ ਕਾਰਨ ਉਹ ਇਥੇ ਫ਼ਸ ਗਿਆ। ਉਸ ਨੇ ਦੱਸਿਆ ਕਿ ਉਸ ਦੇ ਕੋਲ ਵਾਪਸੀ ਲਈ ਕਮਾਏ ਹੋਏ ਪੈਸੇ ਉਹ ਖ਼ਤਮ ਹੋ ਗਏ।
ਉਸ ਨੇ ਦੱਸਿਆ ਕਿ ਉਸ ਨੂੰ ਇੰਟਰਨੈਟ ਉੱਤੇ ਐੱਸ.ਪੀ.ਓਬਰਾਏ ਦਾ ਇੱਕ ਇਸ਼ਤਿਹਾਰ ਦੇਖਿਆ, ਜਿਸ ਵਿੱਚ ਉਨ੍ਹਾਂ ਨੇ ਦੁਬਈ ਵਿੱਚ ਫ਼ਸੇ ਹੋਏ ਭਾਰਤੀ ਨੌਜਵਾਨਾਂ ਦੀ ਵਾਪਸੀ ਲਈ ਮਦਦ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਨਾਲ ਸੰਪਰਕ ਤੇ ਅੱਜ ਅਸੀਂ ਉਨ੍ਹਾਂ ਦੀ ਮਦਦ ਦੀ ਬਦੌਲਤ ਘਰ ਵਾਪਸ ਆ ਗਏ ਹਾਂ।
ਦੁਬਈ ਤੋਂ ਪਰਤੇ ਇੱਕ ਹੋਰ ਪੰਜਾਬੀ ਵਿਅਕਤੀ ਨੇ ਦੱਸਿਆ ਕਿ ਉਹ ਦੁਬਈ ਘੁੰਮਣ ਲਈ ਗਿਆ ਸੀ ਪਰ ਉਹ ਉਥੇ ਫ਼ਸ ਗਿਆ। ਲੌਕਡਾਊਨ ਹੋਣ ਕਾਰਨ ਉਸ ਦੇ ਕੋਲ ਜਿੰਨੇ ਵੀ ਪੈਸੇ ਉਹ ਖ਼ਰਚ ਹੋ ਗਏ ਅਤੇ ਫ਼ਿਰ ਉਸ ਨੂੰ ਬਹੁਤ ਔਖਾ ਹੋ ਗਿਆ। ਉਸ ਨੇ ਦੱਸਿਆ ਕਿ ਸਿੱਖ ਕੌਮ ਜਿਥੇ ਦੂਸਰਿਆਂ ਦੀ ਮਦਦ ਲਈ ਲੰਗਰ ਲਾਉਂਦੀ ਹੈ, ਉਥੇ ਹੀ ਦੁਬਈ ਵਿੱਚ ਦੂਸਰਿਆਂ ਲਈ ਲੰਗਰ ਲਾਉਣ ਵਾਲੇ ਭੁੱਖੇ ਮਰ ਰਹੇ ਹਨ। ਉਨ੍ਹਾਂ ਨੇ ਐਸ.ਪੀ.ਓਬਾਰਏ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਸੀਂ ਉਨ੍ਹਾਂ ਦੇ ਲਈ ਚੜਦੀਕਲਾ ਦੀ ਅਰਦਾਸ ਕਰਦੇ ਹਾਂ।
ਐੱਸ.ਪੀ.ਸਿੰਘ. ਓਬਰਾਏ ਜਾਣਕਾਰੀ ਦਿੰਦੇ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ.ਓਬਰਾਏ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਆਪਣੇ ਖਰਚ ਤੇ ਬੁੱਕ ਕਰਵਾਈਆਂ 4 ਵਿਸ਼ੇਸ਼ ਉਡਾਣਾਂ 'ਚੋਂ ਪਹਿਲੀ ਚਾਰਟਰਡ ਉਡਾਣ ਜੋ ਬੀਤੀ ਰਾਤ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ਉੱਤੇ ਪਹੁੰਚੀ ਸੀ, ਉਸ ਰਾਹੀਂ 177 ਪੰਜਾਬੀਆਂ ਨੂੰ ਵਾਪਸ ਲਿਆਉਣ ਉਪਰੰਤ ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਅੰਦਰ ਭੇਜ ਦਿੱਤਾ ਗਿਆ ਹੈ।
ਇਸ ਉਡਾਣ ਰਾਹੀਂ ਆਏ ਲੋਕ ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਆਉਣ ਵਾਲੇ ਸਾਰੇ ਲੋਕਾਂ ਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਆਪਣੇ ਖਰਚੇ ਤੇ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੇ ਹੀ ਕੋਰੋਨਾ ਟੈਸਟ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਫਲਾਈਟ ਰਾਹੀਂ ਉਪਰੋਕਤ ਚਾਰਾਂ ਵਰਗਾਂ ਦੇ ਵਿੱਚ ਲੋਕ ਵਾਪਸ ਆਏ ਹਨ, ਪਰ ਇਨ੍ਹਾਂ 'ਚ ਸਭ ਤੋਂ ਵੱਧ ਉਹ ਲੋਕ ਹਨ, ਜਿਨ੍ਹਾਂ ਦੀ ਸਮੁੱਚੀ ਟਿਕਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖ੍ਰੀਦੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਉੱਥੇ ਫਸੇ ਬੇਰੁਜ਼ਗਾਰ ਤੇ ਬੇਵੱਸ ਲੋਕਾਂ ਨੂੰ ਮੁਫਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਟਰੱਸਟ ਵੱਲੋਂ ਅਗਲੇ ਮਹੀਨੇ ਵੀ ਆਪਣੇ ਖਰਚ ਤੇ 4 ਹੋਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਬੁੱਕ ਕਰਵਾਏ ਗਏ ਚਾਰਟਰਡ ਜਹਾਜ਼ਾਂ 'ਚੋਂ ਅਗਲੀ ਭਾਵ ਦੂਜੀ ਫਲਾਈਟ 13 ਜੁਲਾਈ ਨੂੰ ਅੰਮ੍ਰਿਤਸਰ, ਤੀਜੀ 19 ਜੁਲਾਈ ਨੂੰ ਮੁੜ ਚੰਡੀਗੜ੍ਹ ਜਦ ਕਿ ਚੌਥੀ ਫਲਾਈਟ 25 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਫਲਾਈਟਾਂ ਲਈ ਉੱਥੇ ਫਸੇ ਲੋਕਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦੁਬਈ ਸਥਿਤ ਦਫ਼ਤਰ ਵਿਖੇ ਆਪਣੇ ਨਾਂਅ ਰਜਿਸਟਰਡ ਕਰਵਾ ਲਏ ਹਨ।