ਅੰਮ੍ਰਿਤਸਰ: ਕੋਰੋਨਾ ਦਾ ਗੜ੍ਹ ਬਣੇ ਅੰਮ੍ਰਿਤਸਰ 'ਚ ਕੋਰੋਨਾ ਦੀ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਗੁਰੂ ਦੀ ਨਗਰੀ 'ਚ ਕੋਰੋਨਾ ਦੇ ਜਿੱਥੇ ਅੱਜ 17 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ ਕੋਰੋਨਾ ਕਾਰਨ ਇੱਕ ਹੋਰ ਮੌਤ ਦਰਜ ਹੋ ਗਈ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 630 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 21 ਹੋ ਗਿਆ ਹੈ।
ਜਾਣਕਾਰੀ ਅਨੁਸਾਰ ਤਹਿਸੀਲ ਅਜਨਾਲਾ ਵਿੱਚ ਬੀਐਸਐਫ ਦੇ 16 ਜਵਾਨਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚੋਂ ਪਹਿਲਾਂ ਵੀ ਦੋ ਬੀਐਸਐਫ ਦੇ ਜਵਾਨ ਕੋਰੋਨਾ ਪੀੜਤ ਪਾਏ ਗਏ ਸਨ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਬੀਐਸੈਫ ਦੇ ਇਨ੍ਹਾਂ ਜਵਾਨਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਲਿਸਟ ਬਣਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਲਿਸਟ ਦੇ ਆਧਾਰ 'ਤੇ 66 ਨੌਜਵਾਨਾਂ ਨੇ ਕੋਰੋਨਾ ਟੈਸਟ ਕਰਵਾਇਆ ਸੀ ਜਿਨ੍ਹਾਂ ਦੀ ਅੱਜ ਰਿਪੋਰਟ ਆਈ ਅਤੇ 16 ਜਵਾਨ ਕੋਰੋਨਾ ਪੀੜਤ ਪਾਏ ਗਏ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜੁਗਲ ਕੁਮਾਰ ਨੇ ਜ਼ਿਲ੍ਹੇ ਦੇ ਕੋਰੋਨਾ ਪੀੜਤਾਂ ਬਾਰੇ ਦੱਸਦਿਆਂ ਕਿਹਾ ਕਿ 17 ਕੇਸਾਂ ਵਿੱਚੋ 13 ਕੇਸ ਭੂਸ਼ਨਪੁਰਾ, ਕਾਂਗੜਾ ਕਲੋਨੀ, ਸ਼ਰੀਫਪੁਰਾ, ਵੇਰਕਾ, ਤੁੰਗ ਬਾਲਾ, ਲਾਰੈਸ ਰੋਡ, ਥਾਣਾਂ ‘ਸੀ’ ਡਵੀਜ਼ਨ, ਝਬਾਲ ਰੋਡ, ਫਰੈਡਜ ਕਲੋਨੀ,ਗੁਮਟਾਲਾ, ਅਜਨਾਲਾ, ਗੇਟ ਹਕੀਮਾਂ ਨਾਲ ਸਬੰਧਿਤ ਹਨ ਅਤੇ ਜਦੋਕਿ 4 ਮਰੀਜ ਕੋਰੋਨਾ ਪੀੜਤ ਅਵਤਾਰ ਸਿੰਘ ਵਾਸੀ ਪੰਡੋਰੀ ਮਹਿੰਮਾ ਨਾਲ ਦੇ ਸਪੰਰਕ ਵਿੱਚ ਆਏ ਵਿਆਕਤੀ ਹਨ।
ਇਸ ਤਰ੍ਹਾਂ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ ਕੋਰੋਨਾ ਦੇ ਮਾਮਲੇ ਵਧਣ ਨਾਲ ਲੋਕਾਂ 'ਚ ਡਰ ਅਤੇ ਚਿੰਤਾ ਦਾ ਮਾਹੌਲ ਹੈ। ਪੂਰੇ ਸਬੇ ਦੀ ਗੱਲ ਕਰੀਏ ਤਾਂ ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 3200 ਤੋਂ ਪਾਰ ਹੋ ਗਿਆ ਹੈ ਅਤੇ 71 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੀ ਚਪੇਟ 'ਚ ਪੂਰੀ ਦੁਨੀਆ ਹੈ ਇਸ ਲਈ ਲੋੜ ਹੈ ਕਿ ਇਸ ਨੂੰ ਗੰਭੀਰਤਾ ਲੈਣ ਨਾਲ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੋਰੋਨਾ ਤੋਂ ਮੁਕਤ ਹੋਣ ਲਈ ਸਰਕਾਰ ਦਾ ਸਹਿਯੋਗ ਦੇਣ।