ਅੰਮ੍ਰਿਤਸਰ: ਬਿਆਸ ਦਰਿਆ ਦੇ ਪਾਣੀ ਦੀ ਮਾਰ ਲਗਾਤਾਰ ਲੋਕਾਂ ਦਾ ਭਾਰੀ ਨੁਕਸਾਨ ਕਰ ਰਹੀ ਹੈ।ਇਸੇ ਦੇ ਚੱਲਦਿਆਂ ਮੰਡ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਹੁਣ ਬਿਆਸ ਦਰਿਆ ਦੇ ਪਾਣੀ ਵਿੱਚ 4 ਤੋਂ 5 ਫੁੱਟ ਤੱਕ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਹਨ।ਬਿਆਸ ਦੇ ਨੇੜਲੇ ਜ਼ਿਲ੍ਹਾ ਕਪੂਰਥਲਾ ਵੱਲ ਪੈਂਦੇ ਪਿੰਡ ਢਿੱਲਵਾਂ ਦੇ ਖੇਤਾਂ ਵਿੱਚ ਹੁਣ ਪਾਣੀ ਨਹਿਰ ਵਾਂਗ ਵਹਿ ਰਿਹਾ ਹੈ ਅਤੇ ਕਿਨਾਰੇ ਬੈਠੇ ਕਿਸਾਨ ਆਪਣੀਆਂ ਫਸਲਾਂ ਨੂੰ ਡੁੱਬਦੇ ਦੇਖ ਕਿਸਮਤ ਨੂੰ ਕੋਸ ਰਹੇ ਹਨ।
Punjab Floods: ਹੜ੍ਹ ਦਾ ਕਹਿਰ ! ਬਿਆਸ ਦਰਿਆ ਦੇ ਪਾਣੀ 'ਚ ਫਸਲਾਂ ਨੂੰ ਡੁੱਬਦੇ ਦੇਖ ਕਿਸਮਤ ਨੂੰ ਕੋਸ ਰਹੇ ਕਿਸਾਨ - ਬਿਆਸ ਦਰਿਆ ਦੇ ਪਾਣੀ ਦੀ ਮਾਰ
ਹੜ੍ਹ ਦੇ ਮਾਰੇ ਕਿਸਾਨਾਂ ਦੀ ਦਾਸਤਾਨ ਸੁਣਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅਜਿਹੀ ਹੀ ਦਾਸਤਾਨ ਕਿਸਾਨ ਕੈਲਾ ਸਿੰਘ ਦੀ ਹੈ।
10 ਲੱਖ ਦਾ ਨੁਕਸਾਨ: ਮੰਡ ਖੇਤਰ ਵਿੱਚ ਖੇਤੀ ਕਰਦੇ ਕਿਸਾਨ ਕੈਲਾ ਸਿੰਘ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਨੇ 20 ਕਿੱਲੇ ਪੈਲੀ ਠੇਕੇ 'ਤੇ ਲਈ ਹੋਈ ਹੈ।ਜਿਸ 'ਤੇ ਖੇਤੀ ਕਰਕੇ ਉਹ ਆਪਣਾ ਗੁਜਾਰਾ ਕਰਦਾ ਹੈ।ਕਿਸਾਨ ਨੇ ਦੱਸਿਆ ਇੱਕ ਹਰ ਸਾਲ ਪਾਣੀ ਦੀ ਮਾਰ ਨਾਲ ਉਹ ਪ੍ਰਭਾਵਿਤ ਹੁੰਦੇ ਹਨ ਪਰ ਕੋਈ ਸਰਕਾਰ ਉਨ੍ਹਾਂ ਦੀ ਸਾਰ ਲੈਣ ਨਹੀਂ ਆਉਂਦੀ।ਜਿਸ ਕਾਰਨ ਉਹ ਨਿਰਾਸ਼ ਹਨ।ਕਿਸਾਨ ਕੈਲਾ ਸਿੰਘ ਨੇ ਦੱਸਿਆ ਕਿ 20 ਕਿੱਲੇ ਪੈਲੀ ਵਿੱਚੋਂ ਉਸਨੇ 17 ਕਿਲੇ ਜਮੀਨ ਵਿੱਚ ਉਸਨੇ ਝੋਨਾ ਅਤੇ 3 ਕਿਲੇ ਵਿੱਚ ਕੱਦੂ ਤੋਰੀਆਂ ਅਤੇ ਹੋਰ ਸਬਜੀਆਂ ਲਗਾਈਆਂ ਸਨ ਪਰ ਬੀਤੀ ਰਾਤ ਬਿਆਸ ਦਰਿਆ ਦੇ ਤੇਜ਼ ਰਫਤਾਰ ਪਾਣੀ ਨੇ ਉਨ੍ਹਾਂ ਦੀ ਸਾਰੀ ਫਸਲ ਡੋਬ ਕੇ ਰੱਖ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਹੁਣ ਤੱਕ 4 ਫੁੱਟ ਤੋਂ ਵੱਧ ਪਾਣੀ ਚੜ੍ਹ ਚੁੱਕਾ ਹੈ ਅਤੇ ਵਧਦਾ ਜਾ ਰਿਹਾ ਹੈ।ਜਿਸ ਵਿੱਚ ਡੁੱਬਣ ਨਾਲ ਹੁਣ ਤਾਜ਼ਾ ਲਗਾਇਆ ਝੋਨਾ ਖਤਮ ਹੋ ਗਿਆ ਹੈ।
ਪੈਸੇ ਉਧਾਰ ਲੈ ਕੇ ਬੀਜ਼ੀ ਸੀ ਫ਼ਸਲ: ਕਿਸਾਨ ਨੇ ਭਰੇ ਮਨ ਨਾਲ ਆਖਿਆ ਕਿ ਠੇਕੇ 'ਤੇ ਪੈਲੀ ਲੈਣ ਲਈ ਉਸਨੇ ਪਹਿਲਾਂ ਕਿਸੇ ਤੋਂ ਪੈਸੇ ਉਧਾਰੇ ਚੁੱਕੇ ਹੋਏ ਸਨ ਅਤੇ ਹੁਣ ਉਧਾਰ ਦੇ ਪੈਸੇ ਵੀ ਦੇਣੇ ਪੈਣਗੇ ਅਤੇ ਠੇਕਾ ਵੀ ਨਹੀਂ ਮੁੜਨਾ। ਕੈਲਾ ਸਿੰਘ ਨੇ ਦੱਸਿਆ ਕਿ ਇੱਕ ਕਿੱਲੇ 'ਤੇ ਫਸਲ ਲਗਾਕੇ ਠੇਕਾ ਕਰੀਬ 50 ਤੋਂ 60 ਹਜਾਰ ਦਾ ਖਰਚਾ ਆਉਂਦਾ ਹੈ ਅਤੇ 20 ਕਿਲੇ੍ਹ ਜ਼ਮੀਨ ਨਾਲ ਹੁਣ ਉਸਦਾ 10 ਲੱਖ ਤੱਕ ਦਾ ਨੁਕਸਾਨ ਹੋ ਚੁੱਕਾ ਹੈ। ਜੋ ਦੇਣਾ ਉਸਦੇ ਵੱਸ ਦੀ ਗੱਲ ਨਹੀਂ ਹੈ।ਜਿਸ ਲਈ ਉਹ ਪੰਜਾਬ ਸਰਕਾਰ ਨੂੰ ਫਰਿਆਦ ਕਰਦੇ ਹਨ ਕਿ ਕਿਸਾਨਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁਆਵਜਾ ਰਾਸ਼ੀ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ।ਕਿਸਾਨ ਨੇ ਭਾਵਨਾਤਮਕ ਹੁੰਦੇ ਕਿਹਾ ਕਿ 50 ਹਜ਼ਾਰ ਮੇਰੇ ਕਿਲ੍ਹੇ ਦਾ ਖਰਚਾ ਹੈ ਸਰਕਾਰ ਅੱਧੇ 25 ਹੀ ਦੇ ਦੇਵੇ ਅੱਧੇ ਮੈਂ ਫਿਰ ਵੀ ਕਿਸੇ ਤਰ੍ਹਾਂ ਇਕੱਠੇ ਕਰ ਲਵਾਂਗਾ।ਦਸ ਦੇਈਏ ਕਿ ਬਿਆਸ ਦਰਿਆ ਦੇ ਪਾਣੀ ਨਾਲ ਨੇੜਲੇ ਸਮੂਹ ਇਲਾਕੇ ਵਿੱਚ ਕਿਸਾਨਾਂ ਦੇ ਭਾਰੀ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।