ਨਵੀਂ ਦਿੱਲੀ: ਟੋਕੀਓ ਪੈਰਾਲੰਪਿਕ (Tokyo Paralympics) 'ਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਐਤਵਾਰ ਦੀ ਸ਼ੁਰੂਆਤ ਵੀ ਸਿਲਵਰ ਮੈਡਲ ਦੇ ਨਾਲ ਹੋਈ ਹੈ। ਤਾਜ਼ਾ ਖ਼ਬਰ ਇਹ ਹੈ ਕਿ ਭਾਰਤ ਨੇ ਇੱਕ ਹੋਰ ਗੋਲਡ ਮੈਡਲ ਹਾਸਿਲ ਕੀਤਾ ਹੈ। ਬੈਡਮਿੰਟਨ ਪੁਰਸ਼ ਏਕਲ SH6 'ਚ ਕ੍ਰਿਸ਼ਨਾ ਨਾਗਰ ਨੇ 'ਕਾਈ ਮਾਨ ਚੂ' ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਹ ਟੋਕੀਓ ਪੈਰਾਲੰਪਿਕਸ 'ਚ ਭਾਰਤ ਦਾ ਕੁੱਲ 19ਵਾਂ ਮੈਡਲ ਹੈ 'ਤੇ ਇਸ ਵਿਚ 5 ਗੋਲਡ ਸ਼ਾਮਿਲ ਹਨ।
ਫਾਈਨਲ ਮੁਕਾਬਲੇ ਦੇ ਪਹਿਲੇ ਦੌਰ ਦੀ ਖੇਡ 'ਚ ਕ੍ਰਿਸ਼ਨਾ ਨੇ 'ਕਾਈ ਮਾਨ ਚੂ' ਨੂੰ 21-17 ਨਾਲ ਹਰਾਇਆ। ਦੂਸਰੀ ਗੇਮ 'ਚ ਹਾਂਗਕਾਂਗ ਦੇ ਖਿਡਾਰੀ ਨੇ ਵਾਪਸੀ ਕੀਤੀ 'ਤੇ ਮੁਕਾਬਲਾ 21-16 ਨਾਲ ਆਪਣੇ ਨਾਂ ਕੀਤਾ ਪਰ ਤੀਸਰੇ ਰਾਊਂਡ 'ਚ ਭਾਰਤੀ ਪੈਰਾ ਸ਼ਟਲਰ ਕ੍ਰਿਸ਼ਨਾ ਨਾਗਰ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ 21-17 ਨਾਲ ਜਿੱਤ ਹਾਸਲ ਕੀਤੀ ਤੇ ਮੁਕਾਬਲਾ 2-1 ਨਾਲ ਜਿੱਤ ਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ।