ਟੋਕੀਓ: ਟੋਕੀਓ ਪੈਰਾਲਿੰਪਿਕਸ ਵਿੱਚ ਭਾਵਿਨਾ ਪਟੇਲ ਨੇ ਸ਼ਨੀਵਾਰ ਨੂੰ ਇੱਕ ਹੋਰ ਇਤਿਹਾਸ ਸਿਰਜ ਦਿੱਤਾ। ਭਾਵਿਨਾ ਨੇ ਸੈਮੀਫਾਈਨਲ ਵਿੱਚ ਚੀਨ ਦੀ ਝਾਂਗ ਮਿਆਂਓ ਨੂੰ 7-11, 11-7, 11-4, 9-11 ਤੇ 11-8 ਨਾਲ ਮਾਤ ਦਿੱਤੀ। 34 ਮਿੰਟਾਂ ਤੱਕ ਚੱਲੇ ਕਰੜੇ ਮੁਕਾਬਲੇ 'ਚ 34 ਸਾਲਾਂ ਪਟੇਲ ਨੇ ਵਿਸ਼ਵ ਦੀ ਨੰਬਰ-3 ਖਿਡਾਰਨ ਝਾਂਗ ਮਿਆਂਓ ਨੂੰ ਮਾਤ ਦਿੱਤੀ।
ਪੈਡਲਰ ਭਾਵਿਨਾ ਪਟੇਲ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਆਪਣੀ ਸੈਮੀਫਾਈਨਲ ਜਿੱਤ 'ਤੇ ਕਿਹਾ ਕਿ ਇਹ ਇੱਕ ਵੱਡੀ ਪ੍ਰਾਪਤੀ ਹੈ। ਹਰ ਕੋਈ ਕਹਿੰਦਾ ਹੈ ਕਿ ਚੀਨ ਨੂੰ ਹਰਾਉਣਾ ਮੁਸ਼ਕਲ ਹੈ। ਅੱਜ, ਮੈਂ ਸਾਬਤ ਕਰ ਦਿੱਤਾ ਹੈ ਕਿ ਕੁਝ ਵੀ ਅਸੰਭਵ ਨਹੀਂ ਹੈ। ਮੈਂ ਸਾਰੇ ਭਾਰਤੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਭਲਕੇ ਫਾਈਨਲ ਮੈਚ ਲਈ ਮੈਨੂੰ ਆਪਣਾ ਆਸ਼ੀਰਵਾਦ ਦੇਣ, ਤਾਂ ਜੋ ਮੈਂ ਬਿਹਤਰ ਪ੍ਰਦਰਸ਼ਨ ਕਰ ਸਕਾਂ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਟੇਬਲ ਟੈਨਿਸ ਖਿਡਾਰਨ ਨੇ ਮਹਿਲਾ ਸਿੰਗਲਜ਼ ਕਲਾਸ 4 ਇਵੈਂਟ ਵਿੱਚ ਸਰਬੀਆ ਦੀ ਬੋਰਿਸਲਾਵਾ ਪੇਰਿਕ ਰੈਂਕੋਵਿਚ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। 34 ਸਾਲਾ ਭਾਰਤੀ ਨੇ 18 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੈਚ ਵਿੱਚ ਆਪਣੀ ਸਰਬੀਆਈ ਵਿਰੋਧੀ ਨੂੰ 11-5 11-6 11-7 ਨਾਲ ਹਰਾਇਆ।
ਪੈਰਾਲਿੰਪਿਕ ਕਮੇਟੀ ਆਫ਼ ਇੰਡੀਆ ਦੀ ਪ੍ਰਧਾਨ ਦੀਪਾ ਮਲਿਕ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਫੁਟੇਜ ਵਿੱਚ ਕਿਹਾ, "ਇਹ ਪੱਕਾ ਹੈ ਕਿ ਅਸੀਂ ਉਸ ਤੋਂ ਕੋਈ ਤਗਮਾ ਵੇਖ ਸਕਦੇ ਹਾਂ। ਕੱਲ੍ਹ ਸਵੇਰ ਦਾ ਮੈਚ (ਸੈਮੀਫਾਈਨਲ) ਇਹ ਤੈਅ ਕਰੇਗਾ ਕਿ ਉਹ ਮੈਡਲ ਦਾ ਕਿਹੜਾ ਰੰਗ ਜਿੱਤੇਗੀ।"