ਜਲੰਧਰ: ਜਪਾਨ ਵਿੱਚ ਹੋ ਰਹੇ ਟੋਕੀਓ ਓਲੰਪਿਕਸ 'ਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਚੋਂ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਹਨ। ਟੋਕਿਓ ਉਲੰਪਿਕ 'ਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ 'ਚ ਕੈਪਟਨ ਮਨਪ੍ਰੀਤ ਸਿੰਘ ਸਣੇ ਚਾਰ ਖਿਡਾਰੀ ਜਲੰਧਰ ਸ਼ਹਿਰ ਤੋਂ ਹਨ। ਇਨ੍ਹਾਂ ਖਿਡਾਰੀਆਂ ਚੋਂ ਇੱਕ ਹੈ ਹਾਰਦਿਕ ਸਿੰਘ। ਆਓ ਜਾਣਦੇ ਹਾਂ ਹਾਕੀ ਖਿਡਾਰੀ ਹਾਰਦਿਕ ਸਿੰਘ ਦਾ ਜਲੰਧਰ ਤੋਂ ਟੋਕਿਓ ਉਲੰਪਿਕ ਤੱਕ ਦਾ ਸਫ਼ਰ
ਹਾਰਦਿਕ ਸਿੰਘ ਜਲੰਧਰ ਛਾਉਣੀ ਦੇ ਨੇੜੇ ਸਥਿਤ ਪਿੰਡ ਖੁਸਰੋਪੁਰ ਦੇ ਵਸਨੀਕ ਹਨ। ਹਾਰਦਿਕ ਦਾ ਜਨਮ 23 ਸਤੰਬਰ 1998 ਨੂੰ ਹੋਇਆ ਸੀ। ਸ਼ੁਰੂਆਤ ਤੋਂ ਹੀ ਹਾਰਦਿਕ ਨੂੰ ਪੜ੍ਹਾਈ ਦੇ ਨਾਲ-ਨਾਲ ਹਾਕੀ ਖੇਡਣ ਦਾ ਜਨੂੰਨ ਸੀ। ਉਨ੍ਹਾਂ ਦੇ ਇਸ ਜਨੂੰਨ ਨੇ ਹਾਰਦਿਕ ਨੂੰ ਉਸ ਮੁਕਾਮ 'ਤੇ ਪਹੁੰਚਾ ਦਿੱਤਾ ਕਿ ਅੱਜ ਉਹ ਉਲੰਪਿਕ 'ਚ ਭਾਗ ਲੈ ਰਹੇ ਹਨ।
ਵਿਰਾਸਤ 'ਚ ਮਿਲੀ ਖੇਡ
ਇੰਝ ਕਿਹਾ ਜਾ ਸਕਦਾ ਹੈ ਕਿ ਹਾਕੀ ਉਨ੍ਹਾਂ ਦੇ ਰਗਾਂ 'ਚ ਬਸੀ ਹੋਈ ਹੈ, ਕਿਉਂਕਿ ਹਾਰਦਿਕ ਨੂੰ ਇਹ ਖੇਡ ਵਿਰਾਸਤ 'ਚ ਆਪਣੇ ਦਾਦਾ ਜੀ ਤੋਂ ਮਿਲੀ ਹੈ।ਹਾਰਦਿਕ ਦੇ ਪਿਤਾ ਵਰਿੰਦਰ ਪ੍ਰਤਾਪ ਸਿੰਘ ਪੰਜਾਬ ਪੁਲਿਸ 'ਚ ਬਟਾਲਾ ਵਿਖੇ ਬਤੌਰ ਐਸਪੀ ਤਾਇਨਾਤ ਹਨ। ਹਾਰਦਿਕ ਦੇ ਪਿਤਾ ਨੇ ਦੱਸਿਆ ਕਿ ਹਾਰਦਿਕ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕੀਨ ਸੀ ਤੇ ਉਹ ਆਪਣੇ ਦਾਦਾ ਪ੍ਰੀਤਮ ਸਿੰਘ ਤੋਂ ਪ੍ਰੇਰਿਤ ਸੀ। ਉਸ ਦੇ ਦਾਦਾ ਇੱਕ ਹਾਕੀ ਖਿਡਾਰੀ ਸਨ ਤੇ ਭਾਰਤੀ ਜਲ ਸੈਨਾ ਵਿੱਚ ਇੱਕ ਅਧਿਕਾਰੀ ਸਨ। ਹਾਰਦਿਕ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਜ਼ੋਰ ਦਿੰਦਾ ਸੀ ਕਿ ਉਸ ਦੇ ਦਾਦਾ ਉਸ ਨੂੰ ਮੈਦਾਨ 'ਚ ਲੈ ਕੇ ਜਾਣ ਉਸ ਨਾਲ ਹਾਕੀ ਖੇਡਣ। ਜੇਕਰ ਕਿਸੇ ਦਿਨ ਉਸ ਦੇ ਦਾਦਾ ਜੀ ਨਹੀਂ ਉੱਠਦੇ ਤਾਂ ਉਹ ਉਨ੍ਹਾਂ ਦੇ ਕਮਰੇ ਦੀ ਕੰਧ 'ਤੇ ਹਾਕੀ ਮਾਰ ਕੇ ਰੋਸ ਪ੍ਰਗਟਾਉਂਦਾ।
ਹਾਕੀ ਦਾ ਦੀਵਾਨਾ ਹਾਰਦਿਕ
ਹਾਰਦਿਕ ਸਿੰਘ ਦੇ ਪਿਤਾ ਨੇ ਦੱਸਿਆ ਕਿ ਹਾਰਦਿਕ ਹਾਕੀ ਖੇਡਣ ਦਾ ਇੰਨ੍ਹਾਂ ਕੁ ਦੀਵਾਨਾ ਸੀ ਕਿ ਉਹ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਕੰਮਾਂ ਦੇ ਘਰ ਕਿਸੇ ਵੀ ਸਮਾਮਗ 'ਚ ਸ਼ਾਮਲ ਨਹੀਂ ਹੁੰਦਾ ਸੀ। ਉਸ ਦੇ ਮੁਤਾਬਕ, ਉਸ ਦੇ ਇਸੇ ਸਮਰਪਣ ਨੇ ਉਸ ਨੂੰ ਓਲੰਪੀਅਨ ਬਣਾਇਆ ਹੈ ਇਸ ਲਗਨ ਅਤੇ ਸਖ਼ਤ ਮਿਹਨਤ ਨਾਲ ਹਾਰਦਿਕ ਇੱਕ ਓਲੰਪੀਅਨ ਬਣ ਗਿਆ ਹੈ ਅਤੇ ਪੂਰਾ ਪਰਿਵਾਰ ਉਸ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਹ ਚਾਹੁੰਦਾ ਹਨ ਕਿ ਹਾਰਦਿਕ ਘੱਟੋ ਘੱਟ ਤਿੰਨ ਓਲੰਪਿਕ ਖੇਡਾਂ 'ਚ ਹਿੱਸਾ ਲਵੇ ਅਤੇ ਪੰਜਾਬ ਤੇ ਦੇਸ਼ ਮਾਣ ਵਧਾਵੇ।