ਦੁਬਈ: ਆਈਸੀਸੀ ਟੀ-20 ਵਰਲਡ ਕੱਪ (ICC T-20 WORLD CUP) ਦੇ ਸੁਪਰ-12 ਵਿੱਚ ਆਸਟ੍ਰੇਲੀਆ ਨੇ ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 154 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੇ 17ਵੇਂ ਓਵਰ 'ਚ ਹੀ 155 ਦੌੜਾਂ ਬਣਾਈਆਂ।
ਮੈਚ ਦੇ ਹੀਰੋ ਰਹੇ ਡੇਵਿਡ ਵਾਰਨਰ ਨੇ 65 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਸ੍ਰ਼ੀਲੰਕਾ ਲਈ ਵਨਿੰਦੂ ਹਸਾਰੰਗਾ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਦਾਸੁਨ ਸ਼ਨਾਕਾ ਨੂੰ ਇੱਕ ਵਿਕਟ ਮਿਲੀ।
ਦੌੜਾਂ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੇ ਤੂਫਾਨੀ ਸ਼ੁਰੂਆਤ ਕੀਤੀ ਅਤੇ ਪਾਵਰ ਪਲੇਅ ਵਿੱਚ ਹੀ 60 ਤੋਂ ਵੱਧ ਦੌੜਾਂ ਬਣਾਈਆਂ। ਇਸ ਦੌਰਾਨ ਆਰੋਨ ਫਿਨ ਅਤੇ ਵਾਰਨਰ ਵਿਚਾਲੇ 70 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਫਿੰਚ 23 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਕੇ 7ਵੇਂ ਓਵਰ 'ਚ ਹਸਰੰਗਾ ਦੇ ਹੱਥੋਂ ਆਊਟ ਹੋ ਗਏ। ਇਸ ਤੋਂ ਬਾਅਦ ਗਲੇਨ ਮੈਕਸਵੈੱਲ (5) ਜਲਦੀ ਆਊਟ ਹੋ ਗਏ। ਫਿਰ ਸਟੀਵ ਸਮਿਥ (28) ਅਤੇ ਵਾਰਨਰ (65) ਨੇ ਮਿਲ ਕੇ ਟੀਮ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਟੌਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਅਤੇ ਪਾਵਰ ਪਲੇਅ 'ਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਇੱਕ ਵਿਕਟ ਦੇ ਨੁਕਸਾਨ 'ਤੇ 53 ਦੌੜਾਂ ਬਣਾਈਆਂ। ਇਸ ਦੌਰਾਨ ਤੀਜੇ ਓਵਰ ਵਿੱਚ ਪਥੁਮ ਨਿਸਾਂਕਾ (7) ਨੂੰ ਕਮਿੰਸ ਨੇ ਆਊਟ ਕੀਤਾ।