ਯੇਰੂਸਲਮ: ਭਾਰਤ ਨੇ ਫਰਾਂਸ ਨੂੰ ਟਾਈ ਬ੍ਰੇਕਰ ਮੈਚ ਵਿੱਚ ਹਰਾ ਕੇ ਫਿਡੇ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ (World Team Chess Championship) ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਦੋਵੇਂ ਟੀਮਾਂ ਪਹਿਲੇ ਦੋ ਮੈਚ ਬਰਾਬਰੀ 'ਤੇ ਰਹੀਆਂ, ਜਿਸ ਤੋਂ ਬਾਅਦ ਬਲਿਟਜ਼ ਟਾਈ-ਬ੍ਰੇਕਰ ਦਾ ਸਹਾਰਾ ਲਿਆ ਗਿਆ, ਜਿਸ 'ਚ ਭਾਰਤ ਨੇ 2.5-1.5 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਜਿੱਤ ਦੇ ਹੀਰੋ ਨਿਹਾਲ ਸਰੀਨ ਅਤੇ ਐਸ ਐਲ ਨਾਰਾਇਣਨ (SL Narayanan) ਸਨ, ਜਿਨ੍ਹਾਂ ਨੇ ਕ੍ਰਮਵਾਰ ਜੂਲੇਸ ਮੌਸਾਰਡ ਅਤੇ ਲੌਰੇਂਟ ਫ੍ਰੇਸਿਨੇਟ ਨੂੰ ਹਰਾਇਆ।
ਭਾਰਤ ਦੇ ਚੋਟੀ ਦੇ ਖਿਡਾਰੀ ਵਿਦਿਤ ਗੁਜਰਾਤੀ ਨੇ ਫ੍ਰੈਂਚ ਸਟਾਰ ਮੈਕਸਿਮ ਵਚੀਅਰ ਲਾਗਰਵ ਨੂੰ 45 ਚਾਲਾਂ ਵਿੱਚ ਡਰਾਅ 'ਤੇ ਰੋਕਿਆ ਜਦੋਂ ਕਿ ਕੇ ਸ਼ਸੀਕਿਰਨ ਨੂੰ ਮੈਕਸਿਮ ਲਗਾਰਡੇ ਨੇ 55 ਚਾਲਾਂ ਵਿੱਚ ਹਰਾਇਆ। ਅਜਿਹੇ 'ਚ ਸਰੀਨ ਅਤੇ ਨਾਰਾਇਣਨ ਦੀ ਜਿੱਤ ਨਾਲ ਭਾਰਤ ਅੱਗੇ ਵਧਣ 'ਚ ਕਾਮਯਾਬ ਰਿਹਾ। ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਉਜ਼ਬੇਕਿਸਤਾਨ ਨਾਲ ਹੋਵੇਗਾ। ਉਜ਼ਬੇਕਿਸਤਾਨ ਨੇ ਯੂਕਰੇਨ ਨੂੰ ਹਰਾ ਕੇ ਆਖਰੀ ਚਾਰ ਵਿੱਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ ਉਦਘਾਟਨੀ ਮੈਚ ਵਿੱਚ ਗੁਜਰਾਤੀ ਨੇ ਲਗਰੇਵ ਨੂੰ ਹਰਾਇਆ ਜਦੋਂਕਿ ਨਾਰਾਇਣਨ ਨੇ ਫਰੀਸਨੈੱਟ ਨੂੰ ਹਰਾਇਆ।