ਦੋਹਾ: ਭਾਰਤ ਦੀ ਜੈਵਲਿਨ ਥ੍ਰੋਅ ਵਿੱਚ ਮਹਿਲਾ ਐਥਲੀਟ ਅੰਨੂ ਰਾਣੀ ਨੇ ਸੋਮਵਾਰ ਨੂੰ ਇੱਥੇ ਇਕ ਨਵੇਂ ਰਾਸ਼ਟਰੀ ਰਿਕਾਰਡ ਨਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਫਾਈਨਲ ਲਈ ਕੁਆਲੀਫਾਈ ਕੀਤਾ। ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਜੈਵਲਿਨ ਸੁੱਟਣ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ।
27 ਸਾਲਾ ਅੰਨੂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਭਾਲਾ 57.05 ਮੀਟਰ ਦੀ ਦੂਰੀ 'ਤੇ ਸੁੱਟਿਆ। ਦੂਜੀ ਕੋਸ਼ਿਸ਼ ਵਿੱਚ, ਉਸ ਦੇ ਭਾਲੇ ਨੇ 62.43 ਮੀਟਰ ਦੀ ਦੂਰੀ ਕਵਰ ਕੀਤੀ, ਜੋ ਕਿ ਉਨ੍ਹਾਂ ਦੇ ਰਾਸ਼ਟਰੀ ਰਿਕਾਰਡ 62.34 ਮੀਟਰ ਨਾਲੋਂ ਵੱਧ ਹੈ। ਇਸ ਕੋਸ਼ਿਸ਼ ਨਾਲ ਉਹ ਫਾਈਨਲ ਵਿੱਚ ਥਾਂ ਬਣਾਉਣ ਲਈ ਵੀ ਸਫਲ ਰਹੀ।
ਅੰਨੂ ਗਰੁੱਪ-ਏ ਵਿੱਚ ਤੀਜੇ ਥਾਂ 'ਤੇ ਰਹੀ ਅਤੇ ਕੁਆਲੀਫਾਈਂਗ ਦੌਰ ਵਿੱਚ 5ਵੇਂ ਸਰਬੋਤਮ ਅਥਲੀਟ ਵਜੋਂ ਫਾਈਨਲ ਵਿੱਚ ਪਹੁੰਚੀ। ਸਿਰਫ਼ 2 ਅਥਲੀਟ, ਚੀਨ ਦੀ ਏਸ਼ੀਅਨ ਚੈਂਪੀਅਨ ਲਿਯੂ ਹੁਈਹੁਈ (67.27 ਮੀਟਰ) ਅਤੇ ਜਰਮਨੀ ਦੀ ਕ੍ਰਿਸਟੀਨ ਹੁਸੋਂਗ (65.29 ਮੀਟਰ) ਹੀ 63.50 ਮੀਟਰ ਦੇ ਯੋਗਤਾ ਦੇ ਮਾਪਦੰਡ ਨੂੰ ਪ੍ਰਾਪਤ ਕਰ ਸਕੀਆਂ, ਜਦਕਿ ਅੰਨੂ ਸਣੇ ਹੋਰ 10 ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਦੇ ਅਧਾਰ 'ਤੇ ਫਾਈਨਲ ਵਿੱਚ ਥਾਂ ਬਣਾਈ।
ਇਹ ਵੀ ਪੜ੍ਹੋ: ਮੰਗਲਵਾਰ ਤੋਂ ਸ਼ੁਰੂ ਹੋਵੇਗੀ ਪੰਜਾਬ ’ਚ ਝੋਨੇ ਦੀ ਖ਼ਰੀਦ, ਸਾਰੇ ਪ੍ਰਬੰਧ ਮੁਕੰਮਲ
ਭਾਰਤੀ ਅਥਲੀਟਾਂ ਵਿੱਚ ਅਰਚਨਾ ਸੁਸ਼ੀਂਦਰਨ (ਮਹਿਲਾਵਾਂ ਦੀ 200 ਮੀਟਰ) ਅਤੇ ਅੰਜਲੀ ਦੇਵੀ (ਮਹਿਲਾਵਾਂ ਦੀ 400 ਮੀਟਰ) ਪਹਿਲੇ ਗੇੜ ਵਿੱਚ ਅੱਗੇ ਨਹੀਂ ਵੱਧਣ ਵਿੱਚ ਨਾਕਾਮ ਰਹੀ। ਵਿਸ਼ਵ ਅਥਲੈਟਿਕਸ ਸੰਸਥਾ ਆਈਏਏਐਫ ਵੱਲੋਂ ਆਖਰੀ ਮਿੰਟ ਦਾ ਸੱਦਾ ਪ੍ਰਾਪਤ ਕਰਨ ਵਾਲੀ ਅਰਚਨਾ ਹੀਟ ਨੰਬਰ 2 ਦੇ ਸਭ ਤੋਂ ਅੰਤਿਮ ਅਤੇ ਕੁੱਲ 43 ਪ੍ਰਤੀਭਾਗੀਆਂ ਵਿਚੋਂ 40 ਵੇਂ ਨੰਬਰ ’ਤੇ ਰਹੀ।