ਜਲੰਧਰ: ਇਕ ਪਾਸੇ ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਲਵਲੀ ਯੂਨੀਵਰਸਿਟੀ ਦੀ ਤਾਰੀਫ਼ ਕੀਤੀ ਹੈ ਤਾਂ ਇਸ ਦੇ ਨਾਲ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਓਲੰਪਿਕ ਵਿੱਚ ਖੇਡਣ ਗਏ ਉਨ੍ਹਾਂ ਦੇ ਗਿਆਰਾਂ ਵਿਦਿਆਰਥੀਆਂ ਲਈ ਵੱਡਾ ਐਲਾਨ ਕਰ ਦਿੱਤਾ ਹੈ।
ਯੂਨੀਵਰਸਟੀ ਦਾ ਕਹਿਣਾ ਕਿ ਜੇਕਰ ਕੋਈ ਵਿਦਿਆਰਥੀ ਓਲੰਪਿਕ ਵਿੱਚ ਗੋਲਡ ਮੈਡਲ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਪੰਜਾਹ ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ,ਸਿਲਵਰ ਮੈਡਲ ਲਿਆਉਣ ਵਾਲੇ ਨੂੰ ਪੱਚੀ ਲੱਖ ਰੁਪਏ ਦਾ ਇਨਾਮ ਅਤੇ ਬ੍ਰੋਨਜ਼ ਮੈਡਲ ਲਿਆਉਣ ਵਾਲੇ ਨੂੰ ਦਸ ਲੱਖ ਦਾ ਇਨਾਮ ਦਿੱਤਾ ਜਾਏਗਾ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਨੀਰਜ ਚੋਪੜਾ ( ਜੈਵਲਿਨ ਥ੍ਰੋਅ), ਅਮੋਜ ਜੈਕਬ ਰਿਲੇ ਰੇਸ ,ਬਜਰੰਗ ਪੂਨੀਆ ਕੁਸ਼ਤੀ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਵਿਰਾਟ ਕੋਹਲੀ ਵੱਲੋਂ ਉਨ੍ਹਾਂ ਦੀ ਯੂਨੀਵਰਸਿਟੀ ਦੀ ਤਾਰੀਫ਼ ਕਰਨਾ ਅਤੇ ਆਪਣੇ ਟਵੀਟ ਵਿੱਚ ਲਿਖਣਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਭਾਰਤੀ ਕ੍ਰਿਕਟ ਟੀਮ ਨੂੰ ਵੀ ਆਪਣੇ ਖਿਡਾਰੀ ਦੇਵੇ ਇਕ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਐੱਲ ਪੀ ਯੂ ਇਸ ਬਾਰੇ ਵੀ ਵਿਚਾਰ ਕਰੇਗਾ।