ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਤੇਜ਼ ਦੌੜਾਕਾਂ ਵਿਚੋਂ ਇਕ ਜਮੈਕਾ ਦੇ ਉਸੇਨ ਬੋਲਟ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਹਾਲ ਹੀ ਵਿੱਚ ਉਨ੍ਹਾਂ ਜਮੈਕਾ ਵਿੱਚ ਆਪਣੇ 34ਵੇਂ ਜਨਮਦਿਨ ਲਈ ਇੱਕ ਇੰਗਲੈਂਡ ਸਟਾਰ ਰਹੀਮ ਸਟਰਲਿੰਗ ਸਮੇਤ ਕਈ ਮਹਿਮਾਨਾਂ ਨਾਲ ਇੱਕ ਪਾਰਟੀ ਕੀਤੀ ਸੀ।
ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਹੀ ਬੋਲਟ ਨੇ ਕੋਰੋਨਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਪੌਜ਼ੀਟਿਵ ਆਈ। ਬੋਲਟ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਇੱਕ ਵੀਡੀਓ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਹਾਲ ਹੀ ਵਿਚ ਆਪਣਾ 34ਵਾਂ ਜਨਮਦਿਨ ਮਨਾਉਣ ਵਾਲੇ ਬੋਲਟ ਨੇ ਓਲੰਪਿਕ ਵਿਚ ਅੱਠ ਸੋਨੇ ਦੇ ਤਮਗ਼ੇ ਜਿੱਤੇ, 100 ਅਤੇ 200 ਮੀਟਰ ਵਿਚ ਵਿਸ਼ਵ ਰਿਕਾਰਡ ਅਤੇ ਪੁਰਸ਼ਾਂ ਦੀ ਦੌੜ ਵਿਚ ਇਕ ਦਹਾਕੇ ਤਕ ਦਾ ਦਬਦਬਾ ਬਣਾਉਣ ਤੋਂ ਬਾਅਦ 2017 ਵਿਚ ਬੋਲਟ ਨੇ ਐਥਲੈਟਿਕਸ ਤੋਂ ਸੰਨਿਆਸ ਲੈ ਲਿਆ।
ਓਲੰਪਿਕਸ 2016 ਵਿੱਚ ਬੋਲਟ ਲਗਾਤਾਰ ਤਿੰਨ ਓਲੰਪਿਕ ਵਿੱਚ 100 ਅਤੇ 200 ਮੀਟਰ ਖਿਤਾਬ ਜਿੱਤਣ ਵਾਲਾ ਇਕਲੌਤਾ ਪੁਰਸ਼ ਦੌੜਾਕ ਬਣ ਗਿਆ। ਇਸ ਤੋਂ ਇਲਾਵਾ ਬੋਲਟ ਨੇ ਬਰਲਿਨ ਵਿਚ ਆਯੋਜਿਤ 2009 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਇਕ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗ਼ਾ ਜਿੱਤਿਆ ਅਤੇ ਤਿੰਨ ਵਾਰ ਚੈਂਪੀਅਨ ਬਣਿਆ।