ਹੈਦਰਾਬਾਦ :ਭਾਰਤ ਦੇ ਮਹਾਨ ਸਾਬਕਾ ਫੁੱਟਬਾਲਰ ਅਤੇ ਕਪਤਾਨ ਮੁਹੰਮਦ ਹਬੀਬ ਦਾ ਮੰਗਲਵਾਰ ਨੂੰ ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਹਾਂਤ ਹੋ ਗਿਆ। ਹਬੀਬ ਲੰਬੇ ਸਮੇਂ ਤੋਂ ਪਾਰਕਿੰਸਨ ਰੋਗ ਤੋਂ ਪੀੜਤ ਸਨ ਅਤੇ ਸਾਲਾਂ ਤੋਂ ਲੋਕਾਂ ਨੂੰ ਪਛਾਣਨ ਦੀ ਸਮਰੱਥਾ ਗੁਆ ਚੁੱਕੇ ਸਨ। ਉਨ੍ਹਾਂ ਨੇ ਅਪਣੀ ਰਿਹਾਇਸ਼ 'ਚ ਹੀ ਆਖਰੀ ਸਾਹ ਲਏ। ਜਾਣਕਾਰੀ ਮੁਤਾਬਕ ਉਹ 74 ਸਾਲ ਦੇ ਸਨ।
ਫੁੱਟਬਾਲ ਦੇ ਖਿਡਾਰੀ ਵਜੋਂ ਸ਼ਾਨਦਾਰ ਪ੍ਰਦਰਸ਼ਨ ਰਿਹਾ:ਅਲਜ਼ਾਈਮਰ ਅਤੇ ਪਾਰਕਿੰਸਨ ਰੋਗ ਤੋਂ ਪੀੜਤ ਹਬੀਬ ਨੇ ਹੈਦਰਾਬਾਦ ਵਿੱਚ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਛੱਡ ਗਏ ਹਨ। ਬੈਂਕਾਕ ਵਿੱਚ 1970 ਦੀਆਂ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਦੇ ਇੱਕ ਮੈਂਬਰ, ਹਬੀਬ ਨੇ ਮੋਹਨ ਬਾਗਾਨ, ਈਸਟ ਬੰਗਾਲ ਅਤੇ ਮੁਹੰਮਦਨ ਸਪੋਰਟਿੰਗ ਲਈ ਖੇਡੇ ਸਨ। ਬਾਅਦ ਵਿੱਚ ਉਨ੍ਹਾਂ ਨੇ ਟਾਟਾ ਫੁੱਟਬਾਲ ਅਕੈਡਮੀ ਦੀ ਕੋਚਿੰਗ ਕੀਤੀ। ਹਬੀਬੀ ਨੇ ਹਲਦੀਆ ਵਿੱਚ ਫੁੱਟਬਾਲ ਐਸੋਸੀਏਸ਼ਨ ਆਫ ਇੰਡੀਆ ਅਕੈਡਮੀ ਦੇ ਮੁੱਖ ਕੋਚ ਵਜੋਂ ਵੀ ਕੰਮ ਕੀਤਾ। ਹਬੀਬ ਨੇ 1977 ਵਿੱਚ ਈਡਨ ਗਾਰਡਨ ਵਿੱਚ ਮੀਂਹ ਵਿੱਚ ਪੇਲੇ ਦੇ ਕੋਸਮੌਸ ਕਲੱਬ ਦੇ ਖਿਲਾਫ ਗੋਲ ਕੀਤਾ ਸੀ। ਉਸ ਟੀਮ ਵਿੱਚ ਪੇਲੇ, ਕਾਰਲੋਸ ਅਲਬਰਟੋ, ਜਾਰਜਿਓ ਸੀ ਵਰਗੇ ਦਿੱਗਜ ਸਨ। ਉਹ ਮੈਚ 2-2 ਨਾਲ ਡਰਾਅ ਰਿਹਾ ਸੀ। ਮੈਚ ਤੋਂ ਬਾਅਦ ਪੇਲੇ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ।