ਨਵੀਂ ਦਿੱਲੀ: ਪਹਿਲਵਾਨ ਸਾਗਰ ਧਨਖੜ ਕਤਲ ਮਾਮਲੇ ਵਿੱਚ ਜੇਲ ਪਹੁੰਚੇ ਸੁਸ਼ੀਲ ਕੁਮਾਰ ਨੂੰ ਕੈਦੀਆਂ ਲਈ ਮਿਲਣ ਵਾਲਾ ਖਾਣਾ ਘੱਟ ਪੈ ਰਿਹਾ ਹੈ। ਜੇਲ 'ਚ ਮਿਲਣ ਵਾਲੇ ਖਾਣੇ ਨਾਲ ਸ਼ੁਸ਼ੀਲ ਦਾ ਢਿੱਡ ਨਹੀਂ ਭਰ ਰਿਹਾ ਹੈ। ਇਸ ਦੇ ਚਲਦੇ ਸੁਸ਼ੀਲ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਉਸ ਦੀ ਖੁਰਾਕ ਵਧਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਸ ਨੂੰ ਖਾਣੇ 'ਚ ਪ੍ਰੋਟੀਨ ਦੀ ਸਹੀ ਮਾਤਰਾ ਦੇਣ ਦੀ ਮੰਗ ਕੀਤੀ ਹੈ। ਜੇਕਰ ਜੇਲ੍ਹ ਪ੍ਰਸ਼ਾਸਨ ਅਜਿਹਾ ਨਹੀਂ ਕਰਦਾ ਤਾਂ ਸੁਸ਼ੀਲ ਇਸ ਲਈ ਅਦਾਲਤ ਕੋਲ ਪਹੁੰਚ ਕਰ ਸਕਦੇ ਹਨ। ਸੁਸ਼ੀਲ ਨੇ ਜੇਲ ਪ੍ਰਸ਼ਾਸਨ ਤੋਂ ਪਹਿਲਵਾਨ ਦੀ ਡਾਈਟ ਦੀ ਮੰਗ ਕੀਤੀ ਹੈ।
ਸਾਗਰ ਧਨਖੜ ਕਤਲ ਕੇਸ ਵਿੱਚ ਗ੍ਰਿਫਤਾਰ ਮੁਖ ਦੋਸ਼ੀ ਸੁਸ਼ੀਲ ਕੁਮਾਰ ਨੂੰ ਅਦਾਲਤ ਨੇ 9 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ। ਸੁਸ਼ੀਲ ਨੂੰ ਬੁੱਧਵਾਰ ਦੇਰ ਰਾਤ ਮੰਡੋਲੀ ਜੇਲ੍ਹ ਨੰਬਰ 15 ਵਿੱਚ ਰੱਖਿਆ ਗਿਆ ਹੈ। ਬੁੱਧਵਾਰ ਰਾਤ ਨੂੰ ਜੇਲ੍ਹ ਪਹੁੰਚਣ 'ਤੇ ਸੁਸ਼ੀਲ ਨੇ ਕੁੱਝ ਨਹੀਂ ਖਾਧਾ ਸੀ, ਪਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਉਸ ਨੇ ਖਾਣਾ ਖਾਧਾ।
ਮਹਿਜ਼ ਅੱਠ ਰੋਟੀਆਂ ਨਾਲ ਉਸ ਦਾ ਢਿੱਡ ਨਹੀਂ ਭਰਦਾ
ਜੇਲ ਦੇ ਅੰਦਰ ਹਰ ਕੈਦੀ ਨੂੰ ਖਾਣੇ 'ਚ ਅੱਠ ਰੋਟੀਆਂ, ਸਬਜ਼ੀਆਂ, 2 ਵਾਰ ਚਾਹ ਤੇ ਚਾਰ ਬਿਸਕੁਟ ਦਿੱਤੇ ਜਾਂਦੇ ਹਨ। ਸੁਸ਼ੀਲ ਨੂੰ ਵੀਰਵਾਰ ਤੇ ਸ਼ੁੱਕਰਵਾਰ ਨੂੰ ਉਹੀ ਭੋਜਨ ਦਿੱਤਾ ਗਿਆ ਸੀ, ਪਰ ਇੱਕ ਪਹਿਲਵਾਨ ਹੋਣ ਕਾਰਨ ਉਸ ਦੀ ਖੁਰਾਕ ਇਸ ਤੋਂ ਕਿਤੇ ਜ਼ਿਆਦਾ ਸੰਤੁਲਿਤ ਹੈ। ਇਸ ਕਾਰਨ ਮਹਿਜ਼ ਅੱਠ ਰੋਟੀਆਂ ਨਾਲ ਉਸ ਦਾ ਢਿੱਡ ਨਹੀਂ ਭਰਦਾ।