ਨਵੀਂ ਦਿੱਲੀ: ਖੇਡ ਮੰਤਰਾਲੇ ਨੇ ਦੇਸ਼ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਦੀ ਮਦਦ ਲਈ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਵੱਖ-ਵੱਖ ਕੇਂਦਰਾਂ ਨੂੰ ਕੁਆਰੰਟੀਨ ਦੀ ਸੁਵਿਧਾ ਵਜੋਂ ਵਰਤੋਂ 'ਚ ਲਿਆਉਣ ਦਾ ਫੈਸਲਾ ਕੀਤਾ ਹੈ। ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਕਿਹਾ ਕਿ ਸਾਰੇ ਦੇਸ਼ ਵਿੱਚ ਸਹੂਲਤਾਂ ਉਪਲਬਧ ਹਨ ਅਤੇ ਜੇ ਇਸ ਦੀ ਅਜੇ ਵੀ ਜ਼ਰੂਰਤ ਪਈ ਤਾਂ ਇਸ ਦੀ ਵਰਤੋਂ ਜ਼ਿਲ੍ਹਾ ਪ੍ਰਸ਼ਾਸਨ ਕਰ ਸਕਦਾ ਹੈ।
ਜੁਲਾਨੀਆ ਨੇ ਕਿਹਾ, “ਇਹ ਲੋਕਾਂ ਦੀ ਜਾਨ ਬਚਾਉਣ ਦੀ ਗੱਲ ਹੈ ਅਤੇ ਜਿੱਥੇ ਵੀ ਸਰਕਾਰ ਨੂੰ ਸਾਡੀ ਮਦਦ ਦੀ ਲੋੜ ਪਵੇਗੀ, ਅਸੀਂ ਕਰਾਂਗੇ। ਸਾਡੀ ਸਥਿਤੀ ਇਹ ਹੈ ਕਿ ਜੇ ਸਥਾਨਕ ਪ੍ਰਸ਼ਾਸਨ ਨੂੰ ਸਾਈ ਸੈਂਟਰਾਂ ਦੀ ਵਰਤੋਂ ਕਰਨ ਦੀ ਲੋੜ ਪਵੇ ਤਾਂ ਉਹ ਇਸ ਦੀ ਵਰਤੋਂ ਕਰ ਸਕਦੇ ਹਨ।"