ਦੋਹਾ:ਫੀਫਾ ਵਿਸ਼ਵ ਕੱਪ 2022 'ਚ ਸਪੇਨ ਅਤੇ ਜਰਮਨੀ (SPAIN VS GERMANY) ਵਿਚਾਲੇ ਖੇਡਿਆ ਗਿਆ ਮੈਚ 1-1 ਨਾਲ ਡਰਾਅ (FIFA World Cup 2022) ਰਿਹਾ ਹੈ। ਮੈਚ ਵਿੱਚ ਪਹਿਲਾ ਗੋਲ ਸਪੇਨ ਲਈ ਅਲਵਾਰੋ ਮੋਰਾਟਾ ਨੇ 62ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਬਾਅਦ ਜਰਮਨੀ ਦੇ ਨਿਕਲਾਸ ਫੁਲਕਰਗ ਨੇ 83ਵੇਂ ਮਿੰਟ ਵਿੱਚ ਗੋਲ ਕੀਤਾ। ਗਰੁੱਪ ਈ ਦੇ ਇਸ ਮੈਚ ਤੋਂ ਬਾਅਦ ਸਪੇਨ ਚਾਰ ਅੰਕਾਂ ਨਾਲ ਅੰਕ ਸੂਚੀ ਵਿਚ ਸਿਖਰ 'ਤੇ ਹੈ, ਜਦਕਿ ਜਰਮਨੀ ਇਕ ਅੰਕ ਨਾਲ ਚੌਥੇ ਸਥਾਨ 'ਤੇ ਹੈ। ਸਪੇਨ ਨੇ ਆਪਣੇ ਦੋ ਮੈਚਾਂ ਵਿੱਚੋਂ ਇੱਕ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਜਰਮਨੀ ਦੀ ਟੀਮ ਆਪਣਾ ਪਹਿਲਾ ਮੈਚ ਹਾਰ ਗਈ ਸੀ।
ਅਪਰੈਲ ਵਿੱਚ ਵਿਸ਼ਵ ਕੱਪ ਦੇ ਡਰਾਅ ਦੇ ਬਾਅਦ ਤੋਂ ਹੀ, ਸਭ ਦੀਆਂ ਨਜ਼ਰਾਂ ਅਲ ਬੇਟ ਸਟੇਡੀਅਮ ਵਿੱਚ ਜਰਮਨੀ-ਸਪੇਨ ਦੇ ਮੁਕਾਬਲੇ ਉੱਤੇ ਸਨ। ਇਨ੍ਹਾਂ ਦੋ ਸਾਬਕਾ ਵਿਸ਼ਵ ਚੈਂਪੀਅਨਾਂ ਵਿਚਾਲੇ ਮੈਚ ਅੱਠ ਮਹੀਨਿਆਂ ਬਾਅਦ ਹੋਇਆ। ਇਨ੍ਹਾਂ ਦੋਵਾਂ ਨੂੰ ਖਿਤਾਬ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਜਰਮਨੀ ਪਹਿਲੇ ਮੈਚ ਵਿੱਚ ਜਾਪਾਨ ਖ਼ਿਲਾਫ਼ ਹਾਰ ਕਾਰਨ ਬਾਹਰ ਹੋਣ ਦੀ ਕਗਾਰ ’ਤੇ ਹੈ। ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਅੱਜ ਸਪੇਨ 'ਤੇ ਜਿੱਤ ਦਰਜ ਕਰਨੀ ਹੋਵੇਗੀ।