ਜਲੰਧਰ: ਕਹਿੰਦੇ ਹਨ ਕਿ ਜੇਕਰ ਤੁਹਾਡੇ ਸੁਪਨਿਆਂ 'ਚ ਜਾਨ ਹੁੰਦੀ ਹੈ ਤਾਂ ਜ਼ਰੂਰ ਪੂਰੇ ਹੁੰਦੇ ਹਨ। ਅਜਿਹਾ ਹੀ ਜਲੰਧਰ ਦੇ ਬਾਡੀ ਬਿਲਡਰ ਗਣੇਸ਼ ਕੁਮਾਰ ਨਾਲ ਹੋਇਆ ਹੈ। ਗਣੇਸ਼ ਕੁਮਾਰ ਮਿਸਟਰ ਪੰਜਾਬ ਰਹਿਣ ਦੇ ਨਾਲ ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਵੀ ਹੈ। ਗਣੇਸ਼ ਕੁਮਾਰ ਛੋਟੇ ਕੱਦ ਵਾਲਾ ਇੰਟਰਨੈਸ਼ਨਲ ਬਾਡੀ ਬਿਲਡਰ ਹੈ, ਜਿਸ ਨੇ ਆਪਣੇ ਹੌਂਸਲੇ ਨਾਲ ਬਾਡੀ ਬਿਲਡਿੰਗ 'ਚ ਬੁਲੰਦੀਆਂ ਹਾਸਲ ਕੀਤੀਆਂ ਹਨ। ਗਣੇਸ਼ ਕੁਮਾਰ ਨੇ ਬਾਡੀ ਬਿਲਡਿੰਗ 'ਚ ਆਪਣੀ ਮਿਹਨਤ ਸਦਕਾ ਮਿਸਟਰ ਪੰਜਾਬ ਤੇ ਮਿਸਟਰ ਜਲੰਧਰ ਦਾ ਖਿਤਾਬ ਵੀ ਹਾਸਲ ਕੀਤਾ ਹੈ।
ਗਣੇਸ਼ ਦੇ ਕੋਚ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਗਣੇਸ਼ ਉਨ੍ਹਾਂ ਨੂੰ ਦਸੂਹੇ 'ਚ ਹੋਏ ਇੱਕ ਬਾਡੀ ਬਿਲਡਿੰਗ ਕੰਪੀਟੀਸ਼ਨ ਦੌਰਾਨ ਮਿਲਿਆ ਸੀ। ਜਿੱਥੇ ਉਨ੍ਹਾਂ ਇਹ ਪਤਾ ਲਗਾ ਕਿ ਗਣੇਸ਼ ਕਾਫੀ ਮਿਹਨਤਕਸ਼ ਵਿਅਕਤੀ ਹੈ। ਉਨ੍ਹਾਂ ਨੇ ਗਣੇਸ਼ ਨੂੰ ਆਪਣੇ ਜਿੰਮ 'ਚ ਸੱਦ ਕੇ ਬਾਡੀ ਬਿਲਡਿੰਗ ਦੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਸਮੇਂ ਦੇ ਨਾਲ-ਨਾਲ ਬਾਡੀ ਬਿਲਡਿੰਗ ਨੂੰ ਲੈ ਕੇ ਗਣੇਸ਼ ਦਾ ਰੁਝਾਨ ਵੱਧਦਾ ਗਿਆ। ਉਨ੍ਹਾਂ ਕਿਹਾ ਕਿ ਆਪਣੀ ਮਿਹਨਤ ਸਦਕਾ ਗਣੇਸ਼ ਨੇ ਅਪਾਰ ਸਫਲਤਾ ਹਾਸਲ ਕੀਤੀ ਹੈ।
ਪ੍ਰਵੀਨ ਕੁਮਾਰ ਨੇ ਕਿਹਾ ਕਿ ਸਾਨੂੰ ਛੋਟੇ ਕੱਦ ਵਾਲੇ ਲੋਕਾਂ ਜਾ ਕਿਸੇ ਵੀ ਵਿਅਕਤੀ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ, ਬਲਕਿ ਉਸ ਨੂੰ ਸਮਝਦੇ ਹੋਏ ਉਸ ਦਾ ਸਾਥ ਦੇਣਾ ਚਾਹੀਦਾ ਹੈ। ਇਸ ਨਾਲ ਅਸੀਂ ਸਮਾਜ 'ਚ ਸਕਾਰਾਤਮਕ ਬਦਲਾਅ ਲਿਆ ਸਕਾਂਗੇ।