ਦਿੱਲੀ/ਚੰਡੀਗੜ੍ਹ: ਭਾਰਤ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਰਵੀ ਦਹੀਆ (Ravi Dahiya) ਅਤੇ ਬਜਰੰਗ ਪੂਨੀਆ(Bajrang Punia) ਉਨ੍ਹਾਂ 6 ਪਹਿਲਵਾਨਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ 2022 ਲਈ ਚੁਣਿਆ ਗਿਆ ਹੈ। ਇਨ੍ਹਾਂ ਪਹਿਲਵਾਨਾਂ ਨੂੰ 2022 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਸੀਨੀਅਰ ਫ੍ਰੀਸਟਾਈਲ ਕੁਸ਼ਤੀ ਦੇ ਚੋਣ ਟਰਾਇਲਾਂ ਵਿੱਚ ਚੁਣਿਆ ਗਿਆ।
ਰਾਸ਼ਟਰਮੰਡਲ ਖੇਡਾਂ 2022 ਲਈ ਚੁਣੇ ਗਏ 6 ਪਹਿਲਵਾਨਾਂ ਵਿੱਚ ਰਵੀ ਦਹੀਆ (57 ਕਿਲੋ), ਬਜਰੰਗ ਪੂਨੀਆ (65 ਕਿਲੋ), ਨਵੀਨ (74 ਕਿਲੋ), ਦੀਪਕ ਪੂਨੀਆ (86 ਕਿਲੋ), ਦੀਪਕ (97 ਕਿਲੋ), ਮੋਹਿਤ ਦਹੀਆ (125 ਕਿਲੋ ) ਦੇ ਨਾਂ ਸ਼ਾਮਲ ਹਨ। 2022 ਰਾਸ਼ਟਰਮੰਡਲ ਖੇਡਾਂ (2022 Commonwealth Games) ਬਰਮਿੰਘਮ, ਯੂਕੇ ਵਿੱਚ 28 ਜੁਲਾਈ ਤੋਂ 8 ਅਗਸਤ ਤੱਕ ਹੋਣਗੀਆਂ।
ਪਹਿਲਵਾਨ ਰਵੀ ਦਹੀਆ ਨੇ ਟੋਕੀਓ ਓਲੰਪਿਕ 2020 ਵਿੱਚ 57 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਰਵੀ ਦਹੀਆ ਨੇ ਸੈਮੀਫਾਈਨਲ 'ਚ ਕਜ਼ਾਕਿਸਤਾਨ ਦੇ ਸਨੇਵ ਨੂਰੀਸਲਾਮ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ। ਫਾਈਨਲ ਵਿੱਚ, ਉਹ ਰੂਸੀ ਓਲੰਪਿਕ ਕਮੇਟੀ (ਆਰਓਸੀ) ਦੇ ਜ਼ਯੂਰ ਉਗਾਯੇਵ ਤੋਂ ਹਾਰ ਗਿਆ ਅਤੇ ਉਸਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਰਵੀ ਦਹੀਆ ਓਲੰਪਿਕ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਾਲਾ ਦੂਜਾ ਪਹਿਲਵਾਨ ਹੈ। ਰਵੀ ਦਹੀਆ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਸਕੂਲ ਵਿੱਚ ਹੀ ਰਵੀ ਦਹੀਆ ਦਾ ਝੁਕਾਅ ਕੁਸ਼ਤੀ ਵੱਲ ਸੀ। 8 ਸਾਲ ਦੀ ਉਮਰ ਵਿੱਚ, ਰਵੀ ਨੇ ਕੁਸ਼ਤੀ ਦੇ ਅਖਾੜੇ ਵਿੱਚ ਆਪਣੇ ਵਿਰੋਧੀਆਂ ਨੂੰ ਹਰਾਉਣਾ ਸ਼ੁਰੂ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਵੀ ਰਵੀ ਨੂੰ ਪੂਰਾ ਸਹਿਯੋਗ ਦਿੱਤਾ। ਪਰਿਵਾਰਕ ਮੈਂਬਰਾਂ ਦੇ ਸਹਿਯੋਗ ਅਤੇ ਰਵੀ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਉਸ ਨੇ ਟੋਕੀਓ ਓਲੰਪਿਕ ਵਿੱਚ ਦੇਸ਼ ਨੂੰ ਚਾਂਦੀ ਦਾ ਤਗ਼ਮਾ ਦਿਵਾਇਆ।
ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸਨੇ ਟੋਕੀਓ ਓਲੰਪਿਕ ਕੁਸ਼ਤੀ ਮੁਕਾਬਲੇ ਵਿੱਚ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕਜ਼ਾਕਿਸਤਾਨ ਦੇ ਦੌਲਤ ਨਿਆਜ਼ਬੇਕੋਵ ਨੂੰ 8-0 ਨਾਲ ਹਰਾ ਕੇ ਤਮਗਾ ਜਿੱਤਿਆ।