ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰੇ ਦੇਸ਼ ਨੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ, ਜੋ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਹਨ। ਚੋਪੜਾ ਨੇ ਯੂਜੀਨ, ਅਮਰੀਕਾ ਵਿੱਚ ਚੱਲ ਰਹੀ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ 88.13 ਮੀਟਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ 2003 ਵਿੱਚ ਪੈਰਿਸ ਵਿੱਚ ਅੰਜੂ ਬੌਬੀ ਜਾਰਜ ਨੇ ਲੰਮੀ ਛਾਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇੱਕੋ ਇੱਕ ਤਗ਼ਮਾ ਜਿੱਤਿਆ ਸੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ, "ਸੂਬੇਦਾਰ ਨੀਰਜ ਚੋਪੜਾ ਦੀ ਸ਼ਾਨਦਾਰ ਸਫਲਤਾ 'ਤੇ ਭਾਰਤ ਖੁਸ਼ ਹੈ। ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ 'ਤੇ ਉਸ ਨੂੰ ਵਧਾਈ। ਉਨ੍ਹਾਂ ਦੀ ਮਿਹਨਤ, ਲਗਨ ਅਤੇ ਵਚਨਬੱਧਤਾ ਸ਼ਾਨਦਾਰ ਨਤੀਜੇ ਦੇ ਰਹੀ ਹੈ, ਸਾਨੂੰ ਉਨ੍ਹਾਂ 'ਤੇ ਮਾਣ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ਸਾਡੇ ਸਭ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਵਿੱਚੋਂ ਇੱਕ ਨੀਰਜ ਚੋਪੜਾ ਦੀ ਵੱਡੀ ਉਪਲਬਧੀ। ਨੀਰਜ ਚੋਪੜਾ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈ। ਉਨ੍ਹਾਂ ਅੱਗੇ ਲਿਖਿਆ, ਭਾਰਤੀ ਖੇਡਾਂ ਲਈ ਇਹ ਖਾਸ ਪਲ। ਨੀਰਜ ਨੂੰ ਆਉਣ ਵਾਲੇ ਟੂਰਨਾਮੈਂਟਾਂ ਲਈ ਸ਼ੁੱਭਕਾਮਨਾਵਾਂ। ਚੋਪੜਾ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਵਿਅਕਤੀਗਤ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਟਵਿਟਰ 'ਤੇ ਲੋਕਾਂ ਨੇ ਉਸ ਨੂੰ ਇਸ ਤਰ੍ਹਾਂ ਵਧਾਈ ਦਿੱਤੀ।
ਬੀਜਿੰਗ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਨੇ ਲਿਖਿਆ, ''ਨੀਰਜ ਚੋਪੜਾ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦੇ ਤਗਮੇ 'ਤੇ ਵਧਾਈ। ਤੁਸੀਂ ਸਾਨੂੰ ਮਾਣ ਬਖਸ਼ਿਆ ਹੈ। ਸ਼ਾਨਦਾਰ ਪ੍ਰਦਰਸ਼ਨ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।"
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਟਵੀਟ ਕਰਕੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਦਿਆ ਲਿਖਿਆ, "ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਚੋਪੜਾ ਜੀ ਨੂੰ ਚਾਂਦੀ ਦਾ ਤਮਗਾ ਜਿੱਤਣ 'ਤੇ ਬਹੁਤ ਬਹੁਤ ਮੁਬਾਰਕਾਂ …ਉਡਾਰੀ ਖੰਭਾਂ ਨਾਲ ਨਹੀਂ ਹੌਸਲਿਆਂ ਨਾਲ ਹੁੰਦੀ ਹੈ…ਭਵਿੱਖ ਲਈ ਸ਼ੁਭਕਾਮਨਾਵਾਂ"