ਹਾਂਗਜ਼ੂ:ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਪੈਰਾ ਏਸ਼ਿਆਈ ਖੇਡਾਂ 2023 ਵਿੱਚ ਭਾਰਤ ਨੇ ਤੀਜੇ ਦਿਨ ਦਾ ਪਹਿਲਾ ਸੋਨ ਤਗ਼ਮਾ ਜਿੱਤ ਲਿਆ ਹੈ। ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋ ਵਿੱਚ ਇਹ ਸੋਨ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਹੀ, ਏਸ਼ੀਅਨ ਪੈਰਾ ਖੇਡਾਂ ਵਿੱਚ ਪੁਸ਼ਪੇਂਦਰ ਸਿੰਘ ਨੇ ਤੀਜੇ ਦਿਨ ਪੁਰਸ਼ਾਂ ਦੇ ਜੈਵਲਿਨ ਥ੍ਰੋ-ਐਫ64 ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਪੋਡੀਅਮ ਵਿੱਚ ਦਬਦਬਾ ਬਣਾਇਆ।
ਸੁਮਿਤ ਨੇ ਬਣਾਇਆ ਵਿਸ਼ਵ ਰਿਕਾਰਡ:ਸੁਮਿਤ ਅੰਤਿਲ ਨੇ ਇਸ ਈਵੈਂਟ ਵਿੱਚ 73.29 ਮੀਟਰ ਦੀ ਥ੍ਰੋ ਨਾਲ ਏਸ਼ੀਅਨ ਪੈਰਾ ਖੇਡਾਂ ਦਾ ਰਿਕਾਰਡ, ਵਿਸ਼ਵ ਰਿਕਾਰਡ ਅਤੇ ਏਸ਼ਿਆਈ ਰਿਕਾਰਡ ਤੋੜਿਆ। ਸੁਮਿਤ ਨੇ ਮੰਗਲਵਾਰ ਨੂੰ ਦਿਨ ਦੀ ਆਪਣੀ ਤੀਜੀ ਕੋਸ਼ਿਸ਼ ਵਿੱਚ ਇਸ ਅੰਕ ਤੱਕ ਪਹੁੰਚ ਕੇ ਸੋਨ ਤਗ਼ਮਾ ਜਿੱਤਿਆ। ਸ਼੍ਰੀਲੰਕਾ ਦੀ ਅਰਾਚੀਗੇ ਸਮਿਥਾ ਨੇ 62.42 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਪੁਸ਼ਪੇਂਦਰ ਸਿੰਘ ਨੇ 62.06 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।