ਅੰਮ੍ਰਿਤਸਰ: ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਡੀਏਵੀ ਕਾਲਜ ਦੇ ਸ਼ਾਸ਼ਤਰੀ ਨਗਰ 'ਚ ਸਥਿਤ ਸਪੋਰਟਸ ਕੰਪਲੈਕਸ ਵਿਚ ਕਰਵਾਈ ਗਈ ਦੋ ਰੋਜ਼ਾ 65ਵੀਂ ਸਪੋਰਟਸ ਤੇ ਅਥਲੈਟਿਕਸ ਮੀਟ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੋਨੀ ਨੇ ਖਿਡਾਰੀਆਂ ਵਲੋਂ ਕੱਢੇ ਗਏ ਮਾਰਚ ਪਾਸਟ ਤੋਂ ਸਲਾਮੀ ਵੀ ਲਈ।
ਇਸ ਦੌਰਾਨ ਓਪੀ ਸੋਨੀ ਨੇ ਕਿਹਾ ਕਿ ਖੇਡਾਂ ਦੇ ਨਾਲ ਹੀ ਵਿਦਿਆਰਥੀਆਂ ਦਾ ਵਿਕਾਸ ਹੁੰਦਾ ਹੈ ਅਤੇ ਉਹ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੇ ਕਾਲਜ ਦੀ ਪ੍ਰਸ਼ੰਸਾ ਵੀ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਮਿਲੇ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਹੀ ਵਿਦਿਆਰਥੀ ਮਾਨਸਿਕ ਤੌਰ ਤੇ ਤੰਦਰੁਸਤ ਹੋ ਕੇ ਸਿੱਖਿਆ ਪ੍ਰਾਪਤ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਓਪੀ ਸੋਨੀ ਨੇ ਕਾਲਜ ਦੇ ਖੇਡ ਮੈਦਾਨ 'ਚ ਮੇਜਰ ਧਿਆਨਚੰਦ ਬਲਾਕ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਕਾਲਜ ਦੇ 500 ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡਾਂ ਵਿਚ ਭਾਗ ਲਿਆ ਗਿਆ ਹੈ ਅਤੇ ਵਧੀਆ ਖੇਡਣ ਵਾਲੇ 114 ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ। ਸੋਨੀ ਨੇ ਕਾਲਜ ਨੂੰ ਖੇਡਾਂ ਦੇ ਸਾਮਾਨ ਲਈ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਕਾਲਜ ਦੀ ਵਿਦਿਆਰਥਣਾਂ ਨੇ ਕਰਾਟੇ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ।
ਇਸ ਮੌਕੇ ਕਾਲਜ ਦੇ ਖੇਡ ਵਿਭਾਗ ਦੇ ਸਕੱਤਰ ਬੀਬੀ ਯਾਦਵ ਨੇ ਖੇਡਾਂ ਦੀ ਸਲਾਨਾਂ ਰਿਪੋਰਟ ਪੜ੍ਹੀ ਅਤੇ ਸਾਲ ਭਰ ਕਾਲਜ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਓਪੀ ਸੋਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ।
ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਸ਼ਾਟ ਪੁੱਟ, ਹਾਈ ਜੰਪ, ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਆਦਿ ਖੇਡਾਂ ਕਰਵਾਈਆਂ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਗਿਆ ਹੈ। ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ਹਨ।