ਨਵੀਂ ਦਿੱਲੀ: ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੇ ਭਾਰਤੀ ਪਹਿਲਵਾਨ ਸੁਮਿਤ ਮਲਿਕ ਨੂੰ ਬੁਲਗਾਰੀਆ ਵਿੱਚ ਹਾਲ ਹੀ ਦੇ ਕੁਆਲੀਫਾਇਰ ਦੌਰਾਨ ਡੋਪ ਟੈਸਟ 'ਚ ਫੇਲ੍ਹ ਹੋਣ ਮਗਰੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਟੋਕਿਓ ਖੇਡਾਂ ਦੀ ਸ਼ੁਰੂਆਤ ਤੋਂ ਕੁੱਝ ਹਫਤੇ ਪਹਿਲਾਂ, ਇਹ ਦੇਸ਼ ਲਈ ਇਕ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ ਇਹ ਲਗਾਤਾਰ ਦੂਜਾ ਓਲੰਪਿਕ ਹੈ ਜਦੋਂ ਖੇਡਾਂ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਡੋਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਤੋਂ ਪਹਿਲਾਂ, ਸਾਲ 2016 ਦੇ ਰੀਓ ਓਲੰਪਿਕ ਤੋਂ ਕੁਝ ਹਫ਼ਤੇ ਪਹਿਲਾਂ, ਨਰਸਿੰਘ ਪੰਚਮ ਯਾਦਵ ਵੀ ਡੋਪਿੰਗ ਟੈਸਟ ਵਿੱਚ ਫੇਲ੍ਹ ਹੋਏ ਸਨ ਤੇ ਉਨ੍ਹਾਂ 'ਤੇ ਚਾਰ ਸਾਲਾਂ ਲਈ ਪਾਬੰਦੀ ਲਗਾਈ ਗਈ ਸੀ।
ਰਾਸ਼ਟਰਮੰਡਲ ਖੇਡਾਂ (2018) ਸੋਨੇ ਦਾ ਤਗਮਾ ਜੇਤੂ ਮਲਿਕ ਨੇ ਬੁਲਗਾਰੀਆ ਈਵੈਂਟ ਵਿੱਚ 125 ਕਿੱਲੋ ਭਾਰ ਵਰਗ ਵਿੱਚ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ, ਜੋ ਕੁਸ਼ਤੀ ਲਈ ਕੋਟਾ ਸੁਰੱਖਿਅਤ ਕਰਨ ਦਾ ਆਖਰੀ ਮੌਕਾ ਸੀ। ਇਸ ਕੇਸ ਦੇ ਬਾਅਦ, 23 ਜੁਲਾਈ ਤੋਂ ਪਹਿਲਵਾਨ ਦਾ ਓਲੰਪਿਕ ਵਿੱਚ ਹਿੱਸਾ ਲੈਣ ਦਾ ਸੁਪਨਾ, ਲਗਭਗ ਖਤਮ ਹੋ ਗਿਆ ਹੈ।
ਭਾਰਤ ਕੁਸ਼ਤੀ ਸੰਘ (WFI) ਦੇ ਇੱਕ ਸੂਤਰ ਨੇ ਇੱਕ ਮੀਡੀਆ ਹਾਊਸ ਨੂੰ ਦੱਸਿਆ, “"UWW (ਯੂਨਾਈਟਿਡ ਵਰਲਡ ਰੈਸਲਿੰਗ) ਨੇ ਭਾਰਤ ਕੁਸ਼ਤੀ ਸੰਘ ਨੂੰ ਦੱਸਿਆ ਕਿ ਭਾਰਤੀ ਪਹਿਲਵਾਨ ਸੁਮਿਤ ਡੋਪ ਟੈਸਟ 'ਚ ਫੇਲ੍ਹ ਹੋ ਗਏ ਹਨ। ਹੁਣ ਉਨ੍ਹਾਂ ਨੂੰ 10 ਜੂਨ ਨੂੰ ਦੂਜੀ ਵਾਰ ਡੋਪ ਟੈਸਟ ਕਰਵਾਉਣ ਪਵੇਗਾ।
ਮਲਿਕ ਗੋਡੇ ਦੀ ਸੱਟ ਨਾਲ ਜੂਝ ਰਹੇ ਹਨ। ਓਲੰਪਿਕ ਕੁਆਲੀਫਾਇਰ ਦੀ ਸ਼ੁਰੂਆਤ ਤੋਂ ਪਹਿਲਾਂ ਰਾਸ਼ਟਰੀ ਕੈਂਪ ਦੌਰਾਨ ਉਨ੍ਹਾਂ ਨੂੰ ਇਹ ਸੱਟ ਲੱਗੀ ਸੀ। ਉਸ ਨੇ ਅਪ੍ਰੈਲ ਵਿੱਚ ਅਲਮਾਟੀ ਵਿੱਚ ਏਸ਼ੀਅਨ ਕੁਆਲੀਫਾਇਰ ਵਿੱਚ ਹਿੱਸਾ ਲਿਆ ਸੀ, ਪਰ ਕੋਟਾ ਸੁਰੱਖਿਅਤ ਕਰਨ ਵਿੱਚ ਅਸਫਲ ਰਹੇ।
ਬੁਲਾਰੇ ਨੇ ਕਿਹਾ, “ਉਸ ਨੇ ਜ਼ਰੂਰ ਅਣਜਾਣੇ 'ਚ ਕੁ$ਝ ਲਿਆ ਹੋਵੇਗਾ। ਕਿਉਂਕਿ ਉਹ ਆਪਣੇ ਜ਼ਖਮੀ ਗੋਡੇ ਦਾ ਇਲਾਜ ਕਰਨ ਲਈ ਕੁੱਝ ਆਯੁਰਵੈਦਿਕ ਦਵਾਈ ਲੈ ਰਿਹਾ ਸੀ ਤੇ ਇਸ 'ਚ ਕੁਝ ਪਾਬੰਦੀਸ਼ੁਦਾ ਚੀਜ਼ਾਂ ਹੋ ਸਕਦੀਆਂ ਹਨ, ਪਰ ਪਹਿਲਵਾਨਾਂ ਅਜਿਹੀਆਂ ਦਵਾਈਆਂ ਲੈਣ ਦੇ ਜੋਖਮਾਂ ਬਾਰੇ ਜਾਣੂ ਹੋਣਾ ਚਾਹੀਦਾ ਹੈ।