ਨਵੀਂ ਦਿੱਲੀ: ਭਾਰਤ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਨੇ ਇਤਿਹਾਸ ਰਚ ਦਿੱਤਾ ਹੈ। ਲਾਈਟ ਫਲਾਈਵੇਟ (48-50 ਕਿਲੋਗ੍ਰਾਮ) ਵਰਗ ਵਿੱਚ ਖੇਡਦੇ ਹੋਏ ਨਿਖਤ ਨੇ ਦੋ ਵਾਰ ਦੇ ਏਸ਼ਿਆਈ ਚੈਂਪੀਅਨ ਵੀਅਤਨਾਮ ਦੇ ਨਗੁਏਨ ਥੀ ਟਾਮ ਨੂੰ 5-0 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਵਜੋਂ ਆਪਣਾ ਤਾਜ ਬਰਕਰਾਰ ਰੱਖਿਆ। ਨਿਖਤ ਨੇ ਐਤਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿੱਚ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਜਿੱਤ ਦਰਜ ਕਰਕੇ ਸੋਨ ਤਗ਼ਮਾ ਜਿੱਤਿਆ।
ਨਿਖਤ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਰੂਪ ਦਿਖਾਇਆ ਅਤੇ ਪੂਰੇ ਮੈਚ ਦੌਰਾਨ ਉਹ ਆਪਣੇ ਵਿਰੋਧੀ 'ਤੇ ਭਾਰੀ ਨਜ਼ਰ ਆਈ। ਸ਼ਾਨਦਾਰ ਲੈਅ 'ਚ ਚੱਲ ਰਹੀ ਨਿਖਤ ਜ਼ਰੀਨ ਨੇ ਆਪਣੇ ਨਾਂ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਦਾ ਤੀਜਾ ਸੋਨ ਤਮਗਾ ਭਾਰਤ ਦੇ ਝੋਲੇ 'ਚ ਪਾ ਦਿੱਤਾ। ਦੱਸ ਦੇਈਏ ਕਿ ਨਿਖਤ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣੀ ਹੈ। ਸਾਲ 2022 ਵਿੱਚ, ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਇਸਤਾਂਬੁਲ ਵਿੱਚ ਹੋਈ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਫਲਾਈਵੇਟ (52 ਕਿਲੋ) ਵਰਗ ਦੇ ਇੱਕਤਰਫਾ ਫਾਈਨਲ ਮੁਕਾਬਲੇ ਵਿੱਚ ਥਾਈਲੈਂਡ ਦੀ ਜਿਤਪੋਂਗ ਜੁਟਾਮਾਸ ਨੂੰ 5-0 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ।
ਦੱਸ ਦੇਈਏ ਕਿ ਨਿਖਤ ਜ਼ਰੀਨ ਦਾ ਜਨਮ 14 ਜੂਨ 1996 ਨੂੰ ਤੇਲੰਗਾਨਾ ਦੇ ਨਿਜ਼ਾਮਾਬਾਦ ਵਿੱਚ ਹੋਇਆ ਸੀ। ਨਿਖਤ ਦੇ ਪਿਤਾ ਦਾ ਨਾਮ ਮੁਹੰਮਦ ਜਮੀਲ ਅਹਿਮਦ ਅਤੇ ਮਾਂ ਦਾ ਨਾਮ ਪਰਵੀਨ ਸੁਲਤਾਨਾ ਹੈ। ਨਿਖਤ ਦੇ ਪਿਤਾ ਸੇਲਜ਼ਮੈਨ ਹਨ ਅਤੇ ਮਾਂ ਘਰੇਲੂ ਔਰਤ ਹੈ। ਚਾਰ ਭੈਣਾਂ ਵਿੱਚੋਂ ਨਿਖਤ ਦੂਜੇ ਨੰਬਰ ’ਤੇ ਹੈ। ਉਸਦਾ ਚਾਚਾ ਸ਼ਮਸ਼ਾਮੁਦੀਨ ਇੱਕ ਮੁੱਕੇਬਾਜ਼ੀ ਕੋਚ ਹੈ, ਉਸਨੇ ਨਿਖਤ ਨੂੰ ਮੁੱਕੇਬਾਜ਼ੀ ਦੀ ਦੁਨੀਆ ਨਾਲ ਜਾਣੂ ਕਰਵਾਇਆ ਅਤੇ ਨਿਖਤ ਨੂੰ ਸ਼ੁਰੂਆਤੀ ਸਿਖਲਾਈ ਦਿੱਤੀ। ਨਿਖਤ ਨੇ 13 ਸਾਲ ਦੀ ਉਮਰ ਤੋਂ ਮੁੱਕੇਬਾਜ਼ੀ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਉਹ ਵਿਸ਼ਵ ਚੈਂਪੀਅਨ ਹੈ।