ਨਵੀਂ ਦਿੱਲੀ:ਮੌਜੂਦਾ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ (50 ਕਿਲੋਗ੍ਰਾਮ) ਅਤੇ ਓਲੰਪਿਕ ਕਾਂਸੀ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (70 ਕਿਲੋਗ੍ਰਾਮ) ਨੇ ਸ਼ਨੀਵਾਰ ਨੂੰ ਚੋਣ ਟਰਾਇਲਾਂ 'ਚ ਸ਼ਾਨਦਾਰ ਜਿੱਤਾਂ ਨਾਲ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਈ।
ਦੋ ਵਾਰ ਦੀ ਸਟ੍ਰਾਂਜਾ ਮੈਮੋਰੀਅਲ ਸੋਨ ਤਗਮਾ ਜੇਤੂ ਨਿਖਤ ਨੇ ਸਰਬਸੰਮਤੀ ਨਾਲ ਹਰਿਆਣਾ ਦੀ ਮੀਨਾਕਸ਼ੀ ਨੂੰ 7-0 ਨਾਲ ਹਰਾਇਆ। ਜਦੋਂ ਕਿ ਲਵਲੀਨਾ ਨੇ ਰੇਲਵੇ ਦੀ ਪੂਜਾ ਨੂੰ ਉਸੇ ਫਰਕ ਨਾਲ ਹਰਾਇਆ। ਨੀਤੂ (48 ਕਿਲੋਗ੍ਰਾਮ) ਅਤੇ ਜੈਸਮੀਨ (60 ਕਿਲੋਗ੍ਰਾਮ) ਨੇ ਵੀ ਰਾਸ਼ਟਰਮੰਡਲ ਖੇਡਾਂ ਲਈ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨਿਖਤ ਆਪਣੇ ਮੈਚ ਦੌਰਾਨ ਪੂਰੀ ਤਰ੍ਹਾਂ ਕਾਬੂ ਵਿੱਚ ਨਜ਼ਰ ਆਈ ਅਤੇ ਉਸਨੇ ਜ਼ੋਰਦਾਰ ਮੁੱਕੇ ਮਾਰਨ ਲਈ ਰਿੰਗ ਦਾ ਪੂਰਾ ਇਸਤੇਮਾਲ ਕੀਤਾ।
ਦੋ ਵਾਰ ਦੀ ਸਾਬਕਾ ਯੁਵਾ ਵਿਸ਼ਵ ਚੈਂਪੀਅਨ ਨੀਤੂ ਨੇ 2019 ਦੀ ਚਾਂਦੀ ਤਮਗਾ ਜੇਤੂ ਮੰਜੂ ਰਾਣੀ 'ਤੇ 5-2 ਨਾਲ ਜਿੱਤ ਦਰਜ ਕੀਤੀ। ਹਰਿਆਣਾ ਦੀ ਮੁੱਕੇਬਾਜ਼ ਦਾ ਸਾਲ ਸ਼ਾਨਦਾਰ ਰਿਹਾ ਹੈ, ਜਿਸ 'ਚ ਉਸ ਨੇ ਇਸ ਸਾਲ ਸਟ੍ਰਾਂਜਾ ਮੈਮੋਰੀਅਲ 'ਚ ਵੀ ਸੋਨ ਤਗ਼ਮਾ ਜਿੱਤਿਆ ਹੈ। 2021 ਏਸ਼ੀਅਨ ਯੂਥ ਬਾਕਸਿੰਗ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਜੈਸਮੀਨ ਨੇ 2022 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪਰਵੀਨ ਹੁੱਡਾ ਨੂੰ ਲਾਈਟ ਮਿਡਲਵੇਟ ਫਾਈਨਲ ਵਿੱਚ ਹਰਾਇਆ।