ਚੰਡੀਗੜ੍ਹ: ਮਹਾਨ ਭਾਰਤੀ ਦੌੜਾਕ ਮਿਲਖਾ ਸਿੰਘ ਆਕਸੀਜਨ ਸਪੋਰਟ ‘ਤੇ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਬੁੱਧਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ 'ਚੋਂ ਬਾਹਰ ਕੱਢਿਆ ਗਿਆ ਜਿਥੇ ਉਨ੍ਹਾਂ ਦਾ ਕੋਵਿਡ ਨਿਮੋਨੀਆ ਦਾ ਇਲਾਜ ਚੱਲ ਰਿਹਾ ਸੀ। ਆਈਸੀਯੂ ਤੋਂ ਉਨ੍ਹਾਂ ਦਾ ਬਾਹਰ ਹੋਣਾ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਦਾ ਸੰਕੇਤ ਹੈ। ਮੋਹਾਲੀ ਦੇ ਫੋਰਟਿਸ ਹਸਪਤਾਲ ਨੇ ਅਪਡੇਟ ਵਿੱਚ ਕਿਹਾ, “ਮਿਲਖਾ ਸਿੰਘ ਆਕਸੀਜਨ ਸਪੋਰਟ 'ਤੇ ਹਨ ਪਰ ਉਨ੍ਹਾਂ ਦੀ ਸਥਿਤੀ ਸਥਿਰ ਹੈ। ਹਾਲਾਂਕਿ, ਉਹ ਕਮਜ਼ੋਰ ਹਨ ਅਤੇ ਅਸੀਂ ਉਨ੍ਹਾਂ ਨੂੰ ਖਾਣ ਦੀ ਮਾਤਰਾ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਪਤਨੀ ਵੀ ਉਸੇ ਹਸਪਤਾਲ ਵਿੱਚ ਦਾਖਲ
ਮਿਲਖਾ ਸਿੰਘ ਦੀ 82 ਸਾਲਾ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਨੂੰ ਮੁਹਾਲੀ ਦੇ ਉਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਦੇ ਪਤੀ ਕੋਵਿਡ ਨਿਮੋਨੀਆ ਦੇ ਸਕਾਰਾਤਮਕ ਪਾਏ ਜਾਣ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਨੇ ਦੱਸਿਆ, "ਅੱਜ ਅਸੀਂ ਉਨ੍ਹਾਂ ਨੂੰ ਆਈਸੀਯੂ ਤੋਂ ਬਾਹਰ ਲੈ ਆਏ ਅਤੇ ਉਨ੍ਹਾਂ ਨੂੰ ਉਸ ਕਮਰੇ ਵਿੱਚ ਲੈ ਆਏ ਜਿਥੇ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਹੈ।"
91 ਸਾਲਾ ਮਿਲਖਾ ਸਿੰਘ ਨੂੰ ਦੁਨੀਆ ਭਰ 'ਚ ਫਲਾਇੰਗ ਸਿੱਖ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਦਾ ਮਹਾਨ ਦੌੜਾਕ ਮੰਨਿਆ ਜਾਂਦਾ ਹੈ। ਮਿਲਖਾ ਸਿੰਘ ਨੇ ਆਪਣੇ ਕਰੀਅਰ ਵਿੱਚ 5 ਵਾਰ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹ 1960 ਦੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਖੁੰਝ ਗਏ ਸੀ।