ਨਵੀਂ ਦਿੱਲੀ: ਓਲੰਪਿਕ ਕਾਂਸੀ ਤਮਗਾ ਜੇਤੂ (Olympic bronze medalist) ਮੁੱਕੇਬਾਜ਼ ਐੱਮ.ਸੀ. ਮੈਰੀਕਾਮ (Mary Kom) ਨੇ ਨੌਜਵਾਨਾਂ ਨੂੰ ਮੌਕਾ ਦੇਣ ਲਈ ਇਸ ਸਾਲ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪ (Womens World Boxing Championships) ਅਤੇ ਏਸ਼ੀਆਈ ਖੇਡਾਂ 2022 (Asian Games 2022) 'ਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਆਪਣੀਆਂ ਤਿਆਰੀਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ।
ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 6 ਤੋਂ 21 ਮਈ ਤੱਕ ਤੁਰਕੀ ਦੇ ਇਸਤਾਂਬੁਲ ਵਿੱਚ ਖੇਡੀ ਜਾਵੇਗੀ। 2022 ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ 2022 ਦੀਆਂ ਏਸ਼ੀਆਈ ਖੇਡਾਂ 10 ਸਤੰਬਰ ਤੋਂ ਸ਼ੁਰੂ ਹੋਣਗੀਆਂ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ.ਐੱਫ.ਆਈ.) ਨੂੰ ਦਿੱਤੇ ਸੰਦੇਸ਼ 'ਚ ਮੈਰੀਕਾਮ ਨੇ ਕਿਹਾ ਕਿ ਮੈਂ ਨੌਜਵਾਨ ਪੀੜ੍ਹੀ ਨੂੰ ਅੰਤਰਰਾਸ਼ਟਰੀ ਮੰਚ 'ਤੇ ਆਪਣਾ ਨਾਂ ਕਮਾਉਣ ਅਤੇ ਵੱਡੇ ਪੱਧਰ 'ਤੇ ਐਕਸਪੋਜਰ ਅਤੇ ਅਨੁਭਵ ਹਾਸਲ ਕਰਨ ਦਾ ਮੌਕਾ ਦੇਣ ਲਈ ਇਨ੍ਹਾਂ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਲੈਣਾ ਚਾਹਾਂਗੀ।
ਮੈਰੀਕਾਮ ਨੇ ਕਿਹਾ ਕਿ ਮੈਂ ਆਪਣਾ ਧਿਆਨ ਸਿਰਫ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ 'ਤੇ ਕੇਂਦਰਿਤ ਕਰਨਾ ਚਾਹਾਂਗੀ। ਵਿਸ਼ਵ ਚੈਂਪੀਅਨਸ਼ਿਪ ਲਈ ਸਾਰੀਆਂ 12 ਸ਼੍ਰੇਣੀਆਂ ਲਈ ਚੋਣ ਟਰਾਇਲ ਸੋਮਵਾਰ ਤੋਂ ਸ਼ੁਰੂ ਹੋਣਗੇ ਅਤੇ ਬੁੱਧਵਾਰ ਨੂੰ ਖਤਮ ਹੋਣਗੇ। ਟਰਾਇਲਾਂ ਵਿੱਚ ਏਸ਼ੀਅਨ ਖੇਡਾਂ ਦੇ ਭਾਰ ਵਰਗ ਵੀ ਸ਼ਾਮਲ ਹਨ ਜੋ ਕਿ ਆਈ.ਬੀ.ਏ. ਜਿਹੇ ਹੀ ਹਨ।