ਮਾਨਚੈਸਟਰ: ਮਾਨਚੈਸਟਰ ਸਿਟੀ ਨੇ ਬਰਨਲੇ ਨੂੰ 5-0 ਨਾਲ ਕਰਾਰੀ ਮਾਤ ਦੇ ਕੇ ਲਿਵਰਪੂਲ ਦਾ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਦਾ ਇੰਤਜ਼ਾਰ ਵਧਾ ਦਿੱਤਾ ਹੈ। ਇਸ ਧਮਾਕੇਦਾਰ ਜਿੱਤ ਵਿਚ ਸਿਟੀ ਲਈ ਚਿੰਤਾ ਦੀ ਗੱਲ ਸਰਜੀਓ ਅਗਿਊਰੋ ਦੀ ਸੱਟ ਰਹੀ, ਜੋ ਸੱਜੇ ਗੋਡੇ ਵਿੱਚ ਦਰਦ ਕਾਰਨ ਲੜਖੜਾਉਂਦੇ ਹੋਏ ਮੈਦਾਨ 'ਚੋਂ ਬਾਹਰ ਨਿਕਲੇ।
ਬਰਨਲੇ 'ਤੇ ਮਾਨਚੈਸਟਰ ਦੀ 5-0 ਨਾਲ ਜਿੱਤ
ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾਬ ਲਈ ਮਾਨਚੈਸਟਰ ਸਿਟੀ ਨੇ ਬਰਨਲੇ ਨੂੰ 5-0 ਨਾਲ ਕਰਾਰੀ ਮਾਤ ਦਿੱਤੀ ਹੈ।
ਸਿਟੀ ਦੀ ਇਸ ਜਿੱਤ ਨੇ ਹਾਲਾਂਕਿ ਇਹ ਯਕੀਨੀ ਬਣਾ ਦਿੱਤਾ ਕਿ ਲਿਵਰਪੂਲ ਬੁੱਧਵਾਰ ਨੂੰ ਕ੍ਰਿਸਟਲ ਪੈਲੇਸ ਖ਼ਿਲਾਫ਼ ਜਿੱਤ ਦਰਜ ਕਰਨ 'ਤੇ ਵੀ ਖ਼ਿਤਾਬ ਹਾਸਲ ਨਹੀਂ ਕਰ ਸਕੇਗਾ ਜਿਸ ਲਈ ਉਹ ਪਿਛਲੇ 30 ਸਾਲ ਤੋਂ ਇੰਤਜ਼ਾਰ ਕਰ ਰਿਹਾ ਹੈ। ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਚੱਲ ਰਹੇ ਸਿਟੀ ਵੱਲੋਂ ਫੋਡੇਨ ਨੇ 22ਵੇਂ ਤੇ 63ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਮਹਰੇਜ਼ ਨੇ ਦੋ ਮਿੰਟ ਦੇ ਅੰਦਰ ਦੋ ਗੋਲ ਕਰ ਕੇ ਆਪਣੀ ਟੀਮ ਦਾ ਦਬਦਬਾ ਬਣਾਇਆ। ਉਨ੍ਹਾਂ ਨੇ 43ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਨ ਤੋਂ ਬਾਅਦ 45ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲਿਆ। ਡੇਵਿਡ ਸਿਲਵਾ ਨੇ 51ਵੇਂ ਮਿੰਟ ਵਿੱਚ ਟੀਮ ਵੱਲੋਂ ਚੌਥਾ ਗੋਲ ਕੀਤਾ। ਇਸ ਜਿੱਤ ਨਾਲ ਸਿਟੀ ਦੇ 30 ਮੈਚਾਂ ਵਿੱਚ 63 ਅੰਕ ਹੋ ਗਏ ਹਨ ਪਰ ਉਹ ਹੁਣ ਵੀ ਲਿਵਰਪੂਲ ਤੋਂ 20 ਅੰਕ ਪਿੱਛੇ ਹੈ ਜਿਸ ਦੇ 30 ਮੈਚਾਂ ਵਿੱਚ 83 ਅੰਕ ਹਨ।