ਟੋਕਿਓ: ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕੋਕੂਗਿਕਨ ਇਰੇਨਾ ਵਿਖੇ ਹੋਈ ਟੋਕੀਓ ਓਲੰਪਿਕ ਦੇ 69 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ 4-1 ਨਾਲ ਜਿੱਤ ਦਰਜ ਕੀਤੀ। ਲਵਲੀਨਾ ਦਾ ਸਾਹਮਣਾ ਚੀਨੀ ਤਾਈਪੇ ਦੇ ਖਿਡਾਰੀ ਨਿਯਾਨ ਚਿਨ ਚੇਨ ਨਾਲ ਹੋਇਆ ਜਿਸ ਨੂੰ ਲਵਲੀਨਾ ਨੇ ਤੀਜੇ ਦੌਰ ਵਿੱਚ ਹਰਾਇਆ। ਇਸਦੇ ਨਾਲ ਹੀ ਲਵਲੀਨਾ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣਾ ਇੱਕ ਮੈਡਲ ਪੱਕਾ ਕਰ ਲਿਆ ਹੈ।
ਇਸ ਤੋਂ ਪਹਿਲਾਂ, ਲਵਲੀਨਾ ਨੇ ਮੰਗਲਵਾਰ ਨੂੰ ਕੁੱਕੁਗਿਕਨ ਅਰੇਨਾ ਵਿਖੇ ਖੇਡੇ ਗਏ ਆਖਰੀ -16 ਰਾਊਂਡ ਦੇ ਮੁਕਾਬਲੇ ਦੇ ਵਿੱਚ ਜਰਮਨੀ ਦੀ ਨਾਡਿਨਾ ਅਪਟੇਜ ਨੂੰ 3-2 ਨਾਲ ਹਰਾਇਆ। ਨੀਲੇ ਕਾਰਨਰ 'ਤੇ ਖੇਡ ਰਹੀ ਲਵਲੀਨਾ ਨੇ ਪੰਜ ਜੱਜਾਂ ਤੋਂ ਕ੍ਰਮਵਾਰ 28, 29, 30, 30, 27 ਅੰਕ ਪ੍ਰਾਪਤ ਕੀਤੇ। ਦੂਜੇ ਪਾਸੇ, ਨਾਡਿਨਾ ਨੇ 29, 28, 27, 27, 30 ਅੰਕ ਪ੍ਰਾਪਤ ਕੀਤੇ।
ਦੂਜੇ ਪਾਸੇ ਭਾਰਤੀ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿਲੋਗ੍ਰਾਮ), ਓਲੰਪਿਕ ਖੇਡਾਂ ਦੀ ਸ਼ੁਰੂਆਤ ਵਿਚ ਥਾਈਲੈਂਡ ਦੀ ਸੁਦਾਪੋਰਨ ਸੀਸੋਂਦੀ ਤੋਂ ਹਾਰ ਕੇ ਪ੍ਰੀ ਕੁਆਰਟਰ ਫਾਈਨਲ ਵਿਚੋਂ ਬਾਹਰ ਹੋ ਗਈ ਹੈ। ਸਿਮਰਨਜੀਤ ਨੂੰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।