ਨਵੀਂ ਦਿੱਲੀ : ਅੱਜ ਦਾ ਦਿਨ 25 ਜੂਨ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਦਰਜ ਹੈ। ਇਸ ਦਿਨ ਨੂੰ ਟੀਮ ਇੰਡੀਆ ਵੱਲੋਂ ਹਾਸਲ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਯਾਦ ਕੀਤਾ ਜਾਂਦਾ ਹੈ। ਭਾਰਤ ਪਹਿਲੀ ਵਾਰ 25 ਜੂਨ 1983 ਨੂੰ ਵਿਸ਼ਵ ਚੈਂਪੀਅਨ ਬਣਿਆ ਸੀ। ਇਸ ਕਾਰਨ ਟੀਮ ਇੰਡੀਆ 25 ਜੂਨ ਦੇ ਦਿਨ ਨੂੰ ਬਹੁਤ ਖਾਸ ਮੰਨਦੀ ਹੈ। ਭਾਰਤ ਨੇ 25 ਜੂਨ ਨੂੰ ਵਨਡੇ ਵਿਸ਼ਵ ਕੱਪ 1983 ਦਾ ਫਾਈਨਲ ਮੈਚ ਵੈਸਟਇੰਡੀਜ਼ ਖਿਲਾਫ ਖੇਡਿਆ ਸੀ। ਇਸ ਮਹਾਨ ਮੈਚ ਵਿੱਚ ਭਾਰਤੀ ਦਿੱਗਜਾਂ ਨੇ ਵੈਸਟਇੰਡੀਜ਼ ਨੂੰ 43 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ 1983 ਵਿਸ਼ਵ ਕੱਪ ਦੀ ਟਰਾਫੀ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ।
ਮਹਿਜ਼ 183 ਦੌੜਾਂ ਬਣਾ ਕੇ ਵੀ ਜਿੱਤਿਆ ਸੀ ਵਨਡੇ ਵਿਸ਼ਵ ਕੱਪ :ਵਨਡੇ ਵਿਸ਼ਵ ਕੱਪ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 183 ਦੌੜਾਂ ਬਣਾ ਕੇ ਮੈਚ ਜਿੱਤਣ ਬਾਰੇ ਸੋਚ ਵੀ ਨਹੀਂ ਸਕਦੀ। ਇਸ ਦੇ ਨਾਲ ਹੀ ਜੇਕਰ ਤੁਹਾਡਾ ਕੋਈ ਅਜਿਹੀ ਟੀਮ ਨਾਲ ਮੈਚ ਹੈ, ਜੋ ਦੋ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ ਅਤੇ ਉਸ ਟੀਮ ਵਿੱਚ ਕਈ ਤਜਰਬੇਕਾਰ ਖਿਡਾਰੀ ਸ਼ਾਮਲ ਹਨ। ਉਸ ਹਾਲਤ ਵਿੱਚ ਮੈਚ ਜਿੱਤਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ 39 ਸਾਲ ਪਹਿਲਾਂ ਵੀ ਅਜਿਹਾ ਹੀ ਹੋਇਆ ਸੀ। 25 ਜੂਨ 1983 ਨੂੰ ਲਾਰਡਜ਼ ਗਰਾਊਂਡ ਵਿੱਚ ਅਜਿਹਾ ਇਤਿਹਾਸਕ ਮੈਚ ਹੋਇਆ। ਇਸ ਮੈਦਾਨ 'ਤੇ 39 ਸਾਲ ਪਹਿਲਾਂ 25 ਜੂਨ ਨੂੰ ਵੈਸਟਇੰਡੀਜ਼ ਖਿਲਾਫ ਵਨਡੇ ਵਿਸ਼ਵ ਕੱਪ 1983 ਦਾ ਫਾਈਨਲ ਮੈਚ ਖੇਡਿਆ ਗਿਆ ਸੀ। ਇਸ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਸਿਰਫ 183 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਇਸ ਤਰ੍ਹਾਂ ਫਸਾਇਆ ਕਿ ਪੂਰੀ ਟੀਮ ਸਿਰਫ 140 ਦੌੜਾਂ 'ਤੇ ਹੀ ਢੇਰ ਹੋ ਗਈ।
ਭਾਰਤ ਪਹਿਲੀ ਵਾਰ ਬਣਿਆ ਸੀ ਵਿਸ਼ਵ ਚੈਂਪੀਅਨ :ਇੱਕ ਦਿਨਾ ਵਿਸ਼ਵ ਕੱਪ 1983 ਕ੍ਰਿਕਟ ਦੀ ਦੁਨੀਆ ਵਿੱਚ ਇਹ ਤੀਜਾ ਵਿਸ਼ਵ ਕੱਪ ਟੂਰਨਾਮੈਂਟ ਸੀ, ਪਰ ਭਾਰਤ ਨੇ ਆਪਣਾ ਪਹਿਲਾ ਵਿਸ਼ਵ ਕੱਪ 1983 ਵਿੱਚ ਹੀ ਜਿੱਤਿਆ ਸੀ। ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਕਪਿਲ ਦੇਵ ਸਨ। ਵੈਸਟਇੰਡੀਜ਼ ਦੀ ਟੀਮ ਭਾਰਤ ਤੋਂ ਪਹਿਲਾਂ ਦੋ ਵਿਸ਼ਵ ਕੱਪ ਜਿੱਤ ਚੁੱਕੀ ਹੈ। ਇਸੇ ਲਈ ਉਸ ਸਮੇਂ ਦੌਰਾਨ ਵੈਸਟਇੰਡੀਜ਼ ਸਭ ਤੋਂ ਮਜ਼ਬੂਤ ਟੀਮ ਬਣ ਕੇ ਉਭਰੀ ਸੀ ਅਤੇ ਉਸ ਨੂੰ ਹਰਾਉਣਾ ਇੰਨਾ ਆਸਾਨ ਨਹੀਂ ਸੀ, ਪਰ ਭਾਰਤ ਨੇ ਹਰ ਮੁਸ਼ਕਲ ਨੂੰ ਆਸਾਨ ਕਰ ਦਿੱਤਾ। 1983 ਵਿਚ ਵਿਸ਼ਵ ਕੱਪ ਫਾਈਨਲ ਦੇ ਦਿਨ ਜਦੋਂ ਟੀਮ ਇੰਡੀਆ 183 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ ਸੀ। ਉਸ ਸਮੇਂ ਸਾਰਿਆਂ ਨੂੰ ਲੱਗਦਾ ਸੀ ਕਿ ਵੈਸਟਇੰਡੀਜ਼ ਦੀ ਟੀਮ ਹੀ ਜਿੱਤੇਗੀ, ਪਰ ਟੀਮ ਇੰਡੀਆ ਨੇ ਮੈਚ ਜਿੱਤ ਕੇ ਸਾਰਿਆਂ ਦੀ ਸੋਚ ਨੂੰ ਗਲਤ ਸਾਬਤ ਕਰ ਦਿੱਤਾ।
ਇਸ ਤਰ੍ਹਾਂ ਗੇਂਦਬਾਜ਼ਾਂ ਨੇ ਭਾਰਤ ਨੂੰ ਦਿਵਾਈ ਜਿੱਤ :ਵਿਸ਼ਵ ਕੱਪ ਫਾਈਨਲ ਮੈਚ 'ਚ ਟੀਚਾ ਹਾਸਲ ਕਰਨ ਲਈ ਉਤਰੀ ਵੈਸਟਇੰਡੀਜ਼ ਦੀ ਟੀਮ ਦੀ ਪਹਿਲੀ ਵਿਕਟ 5 ਦੌੜਾਂ 'ਤੇ ਡਿੱਗ ਗਈ ਸੀ। ਗੋਰਡਨ ਗ੍ਰੀਨਿਜ਼ ਨੂੰ ਬਲਵਿੰਦਰ ਸੰਧੂ ਨੇ ਇਕ ਦੌੜ 'ਤੇ ਬੋਲਡ ਕੀਤਾ। ਇਸ ਤੋਂ ਬਾਅਦ ਡੇਸਮੰਡ ਹਾਇਨਸ ਨੇ 13 ਦੌੜਾਂ ਅਤੇ ਵਿਵਿਅਨ ਰਿਚਰਡਸ ਨੇ 33 ਦੌੜਾਂ ਬਣਾਈਆਂ ਅਤੇ 45 ਦੌੜਾਂ ਦੀ ਸਾਂਝੇਦਾਰੀ ਕਰ ਕੇ ਵੈਸਟਇੰਡੀਜ਼ ਦੇ ਸਕੋਰ ਨੂੰ ਅੱਗੇ ਵਧਾਇਆ, ਪਰ ਇਸ ਤੋਂ ਬਾਅਦ ਵੀ ਵੈਸਟਇੰਡੀਜ਼ ਨੂੰ 57 ਦੌੜਾਂ ਦੇ ਸਕੋਰ 'ਤੇ ਤਿੰਨ ਵੱਡੇ ਝਟਕੇ ਲੱਗੇ। ਭਾਰਤੀ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਵੈਸਟਇੰਡੀਜ਼ ਦੀ ਪੂਰੀ ਟੀਮ 140 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਲਈ ਮਹਿੰਦਰ ਅਮਰਨਾਥ ਅਤੇ ਮਦਨ ਲਾਲ ਨੇ ਤਿੰਨ-ਤਿੰਨ ਵਿਕਟਾਂ, ਬਲਵਿੰਦਰ ਸੰਧੂ ਨੇ ਦੋ, ਕਪਿਲ ਦੇਵ ਅਤੇ ਰੋਜਰ ਬਿੰਨੀ ਨੇ ਇੱਕ-ਇੱਕ ਵਿਕਟ ਲਈ। ਇਸ ਦੇ ਨਾਲ ਹੀ ਮਹਿੰਦਰ ਅਮਰਨਾਥ ਨੂੰ ਪਲੇਅਰ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ।