ਨਵੀਂ ਦਿੱਲੀ: ਖੇਡ ਮੰਤਰੀ ਕਿਰਨ ਰਿਜੀਜੂ ਨੇ ਰਾਜਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖੇਲੋ ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ (ਕੇਆਈਐਸਸੀਈ) ਦੇ ਲਈ ਚੰਗੇ ਤੋਂ ਚੰਗੇ ਬੁਨਿਆਦੀ ਢਾਂਚੇ ਲੱਭਣ। ਰਿਜਿਜੂ ਨੇ ਖੇਲੋ ਇੰਡੀਆ ਸਮਾਗਮ ਦੀ ਪਹਿਲੀ ਜਨਰਲ ਕਾਊਂਸਲ ਵਿੱਚ ਸ਼ਿਰਕਤ ਕੀਤੀ ਤੇ ਰਾਜਾਂ ਦੇ ਖੇਡ ਵਿਭਾਗ ਦੇ ਲੋਕਾਂ ਤੇ ਹੋਰ ਕੇਂਦਰੀ ਅਧਿਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਨੇ ਪਹਿਲਾਂ ਹੀ 8 ਸੂਬਿਆਂ ਨੂੰ ਚੁਣ ਲਿਆ ਹੈ ਜਿੱਥੇ ਕੇਆਈਐਸਸੀਈ ਦਾ ਨਿਰਮਾਣ ਕੀਤਾ ਜਾਵੇਗਾ ਤੇ ਕਿਹਾ ਕਿ ਉਨ੍ਹਾਂ ਨੂੰ 13 ਸੂਬਿਆਂ ਤੋਂ ਪ੍ਰਸਤਾਵ ਮਿਲੇ ਸੀ ਜਿਨ੍ਹਾਂ ਵਿੱਚੋਂ ਇਹ ਸੂਬੇ ਚੁਣੇ ਗਏ ਹਨ।
ਰਿਜੀਜੂ ਨੇ ਕਿਹਾ ਕਿ ਕੇਆਈਐਸਸੀਈ ਰਾਜਾਂ ਲਈ ਇੱਕ ਵੱਡਾ ਮੌਕਾ ਹੈ ਜਿੱਥੇ ਉਹ ਦੇਸ਼ ਭਰ ਵਿੱਚੋਂ ਸੀਨੀਅਰ ਖਿਡਾਰੀਆਂ ਨੂੰ ਚੋਣਵੀਆਂ ਖੇਡਾਂ ਵਿੱਚ ਸਿਖਲਾਈ ਦੇਣ ਲਈ ਇੱਕ ਮਹਾਨ ਬੁਨਿਆਦੀ ਢਾਂਚਾ ਤਿਆਰ ਕਰ ਸਕਦੇ ਹਨ। ਕੇਂਦਰ ਇਸ ਲਈ ਫ਼ੰਡ ਤੇ ਸਹਾਇਤਾ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਹਰ ਰਾਜ ਨੂੰ ਉਸ ਬੁਨਿਆਦੀ ਢਾਂਚੇ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਕਿ ਕੇਆਈਐਸਸੀਈ ਲਈ ਵਰਤੀ ਜਾ ਸਕੇ।
ਰਿਜੀਜੂ ਨੇ ਨਾਲ ਹੀ ਰਾਜਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਹਰ ਸਾਲ ਖੇਲੋ ਇੰਡੀਆ ਪ੍ਰੋਗਰਾਮ ਆਯੋਜਿਤ ਕਰ ਸਕਦੇ ਹਨ ਤਾਂ ਕਿ ਪ੍ਰਤਿਭਾ ਜ਼ਮੀਨੀ ਪੱਧਰ ਤੋਂ ਸਾਹਮਣੇ ਆ ਸਕੇ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਮਿਲ ਸਕੇ।