ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਸਰਕਾਰ ਵੱਲੋਂ 74 ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਤ ਕਰਨ ਦੇ ਫੈਸਲੇ ਦਾ ਬਚਾਅ ਕੀਤਾ ਹੈ। ਇਸ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।
ਖੇਡ ਮੰਤਰਾਲੇ ਦੀ ਚੋਣ ਸਮਿਤੀ ਨੇ ਇਸ ਸਾਲ ਸਟਾਰ ਕ੍ਰਿਕੇਟਰ ਰੋਹਿਤ ਸ਼ਰਮਾ ਤੇ ਪਹਿਲਵਾਨ ਵਿਨੇਸ਼ ਫੋਗਾਟ ਸਣੇ ਪੰਜ ਖਿਡਾਰੀਆਂ ਨੂੰ ਖੇਡ ਰਤਨ ਲਈ ਚੁਣਿਆ। ਜਦਕਿ 27 ਖਿਡਾਰੀਆਂ ਨੂੰ ਅਰਜੂਨ ਪੁਰਸਕਾਰ ਲਈ ਚੁਣਿਆ ਗਿਆ। ਮੰਤਰਾਲੇ ਨੇ ਦ੍ਰੋਣਾਚਾਰੀਆ ਪੁਰਸਕਾਰ ਲਈ 13 ਅਤੇ ਧਿਆਨਚੰਦ ਪੁਰਸਕਾਰ ਲਈ 15 ਕੋਚਾਂ ਦੀ ਚੋਣ ਕੀਤੀ।
ਰਿਜਿਜੂ ਨੇ ਸ਼ਨੀਵਾਰ ਨੂੰ ਕਿਹਾ, "ਸਾਡੇ ਖਿਡਾਰੀਆਂ ਨੇ ਅੰਤਰ ਰਾਸ਼ਟਰੀ ਪੱਧਰ' ਤੇ ਸੁਧਾਰ ਕੀਤਾ ਹੈ। ਜਦੋਂ ਸਾਡੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਦੇ ਹਨ, ਤਾਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਇਨਾਮ ਦੇਣਾ ਤੇ ਹੌਂਸਲਾ ਅਫ਼ਜਾਈ ਕਰਨੀ ਚਾਹੀਦੀ ਹੈ। ਜੇਕਰ ਸਰਕਾਰ ਉਨ੍ਹਾਂ ਦੀ ਉਪਲੱਬਧੀਆਂ ਦਾ ਸਨਮਾਨ ਨਹੀਂ ਕਰੇਗੀ ਤਾਂ ਇਸ ਨਾਲ ਭਾਰਤ ਦੀ ਉਭਰਦੀ ਹੋਈ ਖੇਡ ਯੋਗਤਾ ਦਾ ਉਤਸ਼ਾਹ ਘੱਟ ਹੋਵੇਗਾ।"
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਬੇਹਦ ਵਧੀਆ ਰਿਹਾ ਹੈ। ਜਿਸ ਦੇ ਕਾਰਨ ਪੁਰਸਕਾਰ ਜੇਤੂਆਂ ਦੀ ਗਿਣਤੀ ਵੱਧੀ ਹੈ। ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਖੇਡ ਪੁਰਸਕਾਰਾਂ ਬਾਰੇ ਫੈਸਲਾ ਨਹੀਂ ਲਿਆ।
ਕਿਉਂਕਿ ਜੇਤੂਆਂ ਦੀ ਚੋਣ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੀ ਇੱਕ ਸੁਤੰਤਰ ਕਮੇਟੀ ਵੱਲੋਂ ਕੀਤੀ ਗਈ ਸੀ। ਰਿਜੀਜੂ ਨੇ ਕਿਹਾ ਕਿ ਚੋਣ ਲਈ ਸਹੀ ਪ੍ਰਕਿਰਿਆ ਹੋਣੀਆਂ ਚਾਹੀਦੀਆਂ ਹਨ। ਖੇਡ ਪੁਰਸਕਾਰ ਲਈ ਕਮੇਟੀ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਕੀਤੀ ਸੀ ਤੇ ਇਸ ਵਿੱਚ ਖੇਡ ਉਦਯੋਗ ਦੀਆਂ ਮਸ਼ਹੂਰ ਸ਼ਖਸ਼ੀਅਤਾਂ ਸ਼ਾਮਲ ਸਨ। ਇੱਥੇ ਨਿਰਧਾਰਤ ਦਿਸ਼ਾ ਨਿਰਦੇਸ਼ ਹਨ ਜਿਸ ਦੇ ਅਧਾਰ ਤੇ ਉਹ ਫੈਸਲੇ ਲੈਂਦੇ ਹਨ।
ਖੇਡ ਮੰਤਰੀ ਕਿਰਨ ਰਿਜਿਜੂ ਇਹ ਵੀ ਆਖਿਆ ਕਿ ਜੇਕਰ ਕੋਈ ਉਮੀਦਵਾਰ ਇਸ ਸਾਲ ਪੁਰਸਕਾਰ ਲਈ ਨਹੀਂ ਚੁਣਿਆ ਗਿਆ ਤਾਂ ਉਸ ਨੂੰ ਅਗਲੇ ਸਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਨਿਰਾਸ਼ਾ ਹੋ ਸਕਦੀ ਹੈ, ਪਰ ਖੇਡ ਪੁਰਸਕਾਰ ਮਹਿਜ਼ ਇੱਕ ਸਾਲ ਨਹੀਂ ਦਿੱਤੇ ਜਾਂਦੇ। ਇਹ ਲਗਾਤਾਰ ਚਾਰ ਸਾਲਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਵੰਡੇ ਜਾਂਦੇ ਹਨ। ਇਸ ਲਈ ਜੇਕਰ ਕਿਸੇ ਖਿਡਾਰੀ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਵਰਗ 'ਚ ਹੋਰ ਵੀ ਖਿਡਾਰੀ ਦਾਵੇਦਾਰ ਹਨ। ਅਗਲੇ ਸਾਲ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਮੰਤਰੀ ਪੁਰਸਕਾਰਾਂ ਦਾ ਫੈਸਲਾ ਨਹੀਂ ਕਰਦਾ , ਮੰਤਰੀ ਮਹਿਜ ਸਰਕਾਰ ਵੱਲੋਂ ਆਗਿਆ ਦਿੰਦਾ ਹੈ। ਕਿਉਂਕਿ ਇਹ ਫੈਸਲੇ ਤਕਨੀਕੀ ਸਮਿਤੀ ਹੀ ਲੈਂਦੀ ਹੈ।