ਟੋਕਿਓ : ਅਗਲੇ ਸਾਲ ਹੋਣ ਵਾਲੀਆਂ ਟੋਕਿਓ ਓਲੰਪਿਕ ਖੇਡਾਂ ਲਈ ਮੁੱਖ ਸਟੇਡਿਅਮ ਦਾ ਉਦਘਾਟਨ ਜਾਪਾਨ ਦੇ ਮੁੱਖ ਮੰਤਰੀ ਸਿੰਜੋ ਆਬੇ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਇਸ ਸਟੇਡਿਅਮ ਨੂੰ ਨੈਸ਼ਨਲ ਸਟੇਡਿਅਮ ਦਾ ਨਾਂਅ ਦਿੱਤਾ ਗਿਆ ਹੈ। ਦੱਸ ਦਈਏ ਕਿ ਓਲੰਪਿਕ ਅਤੇ ਪੈਰਾ-ਓਲੰਪਿਕ ਖੇਡਾਂ ਦੇ ਮੁੱਖ ਸਥਾਨ ਨਵੇਂ ਨੈਸ਼ਨਲ ਸਟੇਡਿਅਮ ਦਾ ਨਿਰਮਾਣ ਕੰਮ ਅਧਿਕਾਰਕ ਉਦਘਾਟਨ ਤੋਂ ਇੱਕ ਮਹੀਨੇ ਪਹਿਲਾਂ ਹੀ ਪੂਰਾ ਹੋ ਗਿਆ ਸੀ।
ਇਸ ਸਟੇਡਿਅਮ ਵਿੱਚ ਹੀ ਓਲੰਪਿਕ ਦਾ ਉਦਘਾਟਨ ਅਤੇ ਸਮਾਪਤੀ ਸਮਾਰੋਹ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ 1958 ਵਿੱਚ ਇਹ ਰਾਸ਼ਟਰੀ ਸਟੇਡਿਅਮ ਖੁੱਲ੍ਹਿਆ ਸੀ ਅਤੇ ਫ਼ਿਰ ਇਸ ਨੂੰ 2014 ਵਿੱਚ ਬੰਦ ਕਰ ਦਿੱਤਾ ਗਿਆ। ਉੱਥੇ ਹੀ 2 ਸਾਲ ਬਾਅਦ 2016 ਵਿੱਚ ਇਸ ਸਟੇਡਿਅਮ ਨੂੰ ਫ਼ਿਰ ਤੋਂ ਓਲੰਪਿਕ ਖੇਡਾਂ ਲਈ ਖੋਲ੍ਹਿਆ ਗਿਆ। 1958 ਵਿੱਚ ਇਸ ਰਾਸ਼ਟਰੀ ਸਟੇਡਿਅਮ ਵਿੱਚ ਏਸ਼ੀਅਨ ਗੇਮਾਂ ਹੋਈਆਂ ਸਨ, ਜੋ ਪਹਿਲਾਂ ਵੱਡੇ ਟੂਰਨਾਮੈਂਟਾਂ ਦਾ ਗਵਾਹ ਬਣਿਆ ਸੀ। ਉੱਥੇ ਹੀ ਸਾਲ 1964 ਵਿੱਚ ਇਸ ਸਟੇਡਿਅਮ ਨੇ ਪਹਿਲੀ ਵਾਰ ਓਲੰਪਿਕ ਦੀ ਮੇਜ਼ਬਾਨੀ ਕੀਤੀ ਸੀ।
ਨਵੇਂ ਨੈਸ਼ਨਲ ਸਟੇਡਿਅਮ ਵਿੱਚ 60 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਸਟੇਡਿਅਮ ਵਿੱਚ ਅਥਲੈਟਿਕਸ ਅਤੇ ਫ਼ੁੱਟਬਾਲ ਦੇ ਮੈਚ ਖੇਡੇ ਜਾਣਗੇ।
ਇਸ ਨੈਸ਼ਨਲ ਸਟੇਡਿਅਮ ਨੂੰ ਦੁਬਾਰਾ ਬਣਾਉਣ ਲਈ 1.4 ਅਰਬ ਡਾਲਰ ਭਾਵ ਕਿ 1 ਖਰਬ ਰੁਪਏ ਦੀ ਲਾਗਤ ਆਈ ਹੈ, ਜੋ ਦਰਸਾਉਂਦਾ ਹੈ ਕਿ ਜਾਪਾਨ ਇੰਨ੍ਹਾਂ ਖੇਡਾਂ ਨੂੰ ਬਹੁਤ ਹੀ ਖ਼ਾਸ ਬਣਾਉਣ ਵਾਲਾ ਹੈ।