ਵਿਸ਼ਾਖਾਪਟਨਮ: ਈਸ਼ਾਨ ਕਿਸ਼ਨ ਨੂੰ ਵਨਡੇ ਵਿਸ਼ਵ ਕੱਪ ਦੌਰਾਨ ਸ਼ੁਰੂਆਤੀ ਮੈਚਾਂ ਤੋਂ ਬਾਅਦ ਭਾਵੇਂ ਹੀ ਖੇਡਣ ਦਾ ਮੌਕਾ ਨਾ ਮਿਲਿਆ ਹੋਵੇ ਪਰ ਉਸ ਨੂੰ ਇੱਕ ਮਾਹਰ ਕੋਚ ਦੇ ਮਾਰਗਦਰਸ਼ਨ 'ਚ ਆਪਣੀ ਖੇਡ 'ਤੇ ਕੰਮ ਕਰਨ ਦਾ ਮੌਕਾ ਮਿਲਿਆ। ਉਸ ਨੇ ਨੈੱਟ ਵਿੱਚ ਸਖ਼ਤ ਬੱਲੇਬਾਜ਼ੀ ਅਭਿਆਸ ਕੀਤਾ ਅਤੇ ਇਸ ਦੌਰਾਨ ਕਲਪਨਾ ਕੀਤੀ ਕਿ ਮੈਚ ਦੀਆਂ ਸਥਿਤੀਆਂ ਵਿੱਚ ਕੁਝ ਗੇਂਦਬਾਜ਼ਾਂ ਨੂੰ ਕਿਵੇਂ ਖੇਡਣਾ ਹੈ।
25 ਸਾਲਾਂ ਕਿਸ਼ਨ ਨੂੰ ਵੀਰਵਾਰ ਨੂੰ ਇੱਥੇ ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਦੌਰਾਨ ਆਪਣੀ ਮਿਹਨਤ ਦਾ ਫਲ ਮਿਲਿਆ। ਲੈੱਗ ਸਪਿਨਰ ਤਨਵੀਰ ਸੰਘਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੇ 10 ਗੇਂਦਾਂ 'ਤੇ 30 ਦੌੜਾਂ ਬਣਾਈਆਂ।
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਸ਼ਨ ਨੇ ਕਿਹਾ, 'ਵਿਸ਼ਵ ਕੱਪ ਦੌਰਾਨ ਜਦੋਂ ਮੈਂ ਨਹੀਂ ਖੇਡ ਰਿਹਾ ਸੀ, ਮੈਂ ਹਰ ਅਭਿਆਸ ਸੈਸ਼ਨ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛਦਾ ਸੀ ਕਿ ਹੁਣ ਮੇਰੇ ਲਈ ਕੀ ਜ਼ਰੂਰੀ ਹੈ। ਮੈਂ ਕੀ ਕਰ ਸਕਦਾ ਹਾਂ? ਮੈਂ ਨੈੱਟ 'ਤੇ ਬਹੁਤ ਅਭਿਆਸ ਕੀਤਾ। ਮੈਂ ਲਗਾਤਾਰ ਕੋਚ ਨਾਲ ਇਸ ਗੱਲ 'ਤੇ ਗੱਲ ਕਰ ਰਿਹਾ ਸੀ ਕਿ ਮੈਚ ਨੂੰ ਅੰਤ ਤੱਕ ਕਿਵੇਂ ਲਿਜਾਇਆ ਜਾਵੇ, ਕੁਝ ਗੇਂਦਬਾਜ਼ਾਂ ਨੂੰ ਕਿਵੇਂ ਨਿਸ਼ਾਨਾ ਬਣਾਇਆ ਜਾਵੇ।'
ਉਸ ਨੇ ਕਿਹਾ, 'ਲੈੱਗ ਸਪਿਨਰਾਂ ਦੇ ਖਿਲਾਫ ਖੱਬੇ ਹੱਥ ਦਾ ਬੱਲੇਬਾਜ਼ ਹੋਣ ਦੇ ਨਾਤੇ ਮੈਂ ਚੰਗੀ ਸਥਿਤੀ 'ਚ ਸੀ। ਮੈਨੂੰ ਪਤਾ ਸੀ ਕਿ ਵਿਕਟ ਕਿਹੋ ਜਿਹੀ ਸੀ। ਜਦੋਂ ਤੁਸੀਂ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋ, ਤਾਂ ਤੁਹਾਨੂੰ ਅਜਿਹੇ ਗੇਂਦਬਾਜ਼ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ, ਜਿਸ ਦੇ ਖਿਲਾਫ ਤੁਸੀਂ ਵੱਡੇ ਸ਼ਾਟ ਖੇਡ ਸਕਦੇ ਹੋ। ਮੈਂ ਸੂਰਿਆ ਭਾਈ (ਕਪਤਾਨ ਸੂਰਿਆਕੁਮਾਰ ਯਾਦਵ) ਨਾਲ ਗੱਲ ਕੀਤੀ ਸੀ ਕਿ ਮੈਂ ਇਸ ਖਿਡਾਰੀ (ਸੰਘਾ) ਦੇ ਖਿਲਾਫ ਵੱਡੇ ਸ਼ਾਟ ਖੇਡਾਂਗਾ, ਚਾਹੇ ਉਹ ਜਿੱਥੇ ਵੀ ਗੇਂਦਬਾਜ਼ੀ ਕਰੇ ਕਿਉਂਕਿ ਅਸੀਂ ਦੌੜਾਂ ਅਤੇ ਗੇਂਦਾਂ ਦਾ ਅੰਤਰ ਘੱਟ ਕਰਨਾ ਹੈ।
ਕਿਸ਼ਨ ਨੇ ਕਿਹਾ, 'ਤੁਸੀਂ ਪਿੱਛੇ ਦੇ ਬੱਲੇਬਾਜ਼ਾਂ ਲਈ ਜ਼ਿਆਦਾ ਦੌੜਾਂ ਨਹੀਂ ਛੱਡ ਸਕਦੇ। ਉਸ ਲਈ ਸਿੱਧੇ ਆ ਕੇ ਵੱਡੇ ਸ਼ਾਟ ਖੇਡਣਾ ਆਸਾਨ ਨਹੀਂ ਹੋਵੇਗਾ। ਮੈਨੂੰ ਜੋਖਮ ਉਠਾਉਣੇ ਪਏ ਅਤੇ ਮੈਨੂੰ ਆਪਣੇ ਆਪ 'ਤੇ ਭਰੋਸਾ ਸੀ।'