ਨਵੀਂ ਦਿੱਲੀ : ICC ਨੇ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਰੈਂਕਿੰਗ ਦੀ ਤਾਜ਼ਾ ਸੂਚੀ ਜਾਰੀ ਕੀਤੀ ਹੈ। ਇਸ ਤੋਂ ਬਾਅਦ ਟੈਸਟ ਕ੍ਰਿਕਟ 'ਚ ਆਸਟ੍ਰੇਲੀਆਈ ਬੱਲੇਬਾਜ਼ ਮਾਰਨਸ ਲਾਬੂਸ਼ੇਨ ਤੋਂ ਦੁਨੀਆ ਦੇ ਚੋਟੀ ਦੇ ਬੱਲੇਬਾਜ਼ ਦਾ ਤਾਜ ਖੋਹ ਲਿਆ ਗਿਆ ਹੈ। ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋਅ ਰੂਟ ਟੈਸਟ ਰੈਂਕਿੰਗ 'ਚ ਨੰਬਰ ਇਕ ਬੱਲੇਬਾਜ਼ ਬਣ ਗਏ ਹਨ। ਉਸ ਨੇ ਮਾਰਨਸ ਲਾਬੂਸ਼ੇਨ ਨੂੰ ਸਿਖਰਲੇ ਸਥਾਨ ਤੋਂ ਹਟਾ ਦਿੱਤਾ ਹੈ। ਜੋਅ ਬਰਮਿੰਘਮ ਟੈਸਟ ਤੋਂ ਪਹਿਲਾਂ ਨੰਬਰ ਇਕ ਰੈਂਕਿੰਗ 'ਤੇ ਸੀ। ਰੂਟ ਨੇ ਬਰਮਿੰਘਮ ਟੈਸਟ ਦੀ ਪਹਿਲੀ ਪਾਰੀ ਵਿੱਚ ਆਪਣਾ 30ਵਾਂ ਸੈਂਕੜਾ ਲਗਾਇਆ। ਜਦਕਿ ਦੂਜੀ ਪਾਰੀ ਵਿੱਚ ਵੀ ਉਸ ਨੇ 46 ਦੌੜਾਂ ਦੀ ਅਹਿਮ ਪਾਰੀ ਖੇਡੀ। ਬਰਮਿੰਘਮ ਟੈਸਟ 'ਚ 0 ਅਤੇ 13 ਦੌੜਾਂ ਦੀ ਪਾਰੀ ਖੇਡਣ ਵਾਲੇ ਲਾਬੂਸ਼ੇਨ ਹੁਣ ਪਹਿਲੇ ਤੋਂ ਤੀਜੇ ਸਥਾਨ 'ਤੇ ਪਹੁੰਚ ਗਏ ਹਨ।
ਰਿਸ਼ਭ ਪੰਤ ਚੋਟੀ ਦੇ 10 ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ :ਟ੍ਰੈਵਿਸ ਹੈੱਡ ਅਤੇ ਸਟੀਵ ਸਮਿਥ ਨੂੰ ਟੈਸਟ ਰੈਂਕਿੰਗ 'ਚ ਨੁਕਸਾਨ ਹੋਇਆ ਹੈ। ਤੀਜਾ ਸਥਾਨ ਹਾਸਲ ਕਰਨ ਵਾਲੇ ਟ੍ਰੈਵਿਸ ਹੈਡ ਇਕ ਸਥਾਨ ਖਿਸਕ ਕੇ ਚੌਥੇ ਨੰਬਰ 'ਤੇ ਆ ਗਏ ਹਨ। ਇਸ ਦੇ ਨਾਲ ਹੀ ਦੂਜੇ ਸਥਾਨ 'ਤੇ ਕਾਬਜ਼ ਸਟੀਵਨ ਸਮਿਥ ਚਾਰ ਸਥਾਨ ਖਿਸਕ ਕੇ ਛੇਵੇਂ ਨੰਬਰ 'ਤੇ ਪਹੁੰਚ ਗਏ ਹਨ। ਕੇਨ ਵਿਲੀਅਮਸਨ ਹੁਣ ਦੂਜੇ ਸਥਾਨ 'ਤੇ ਹੈ। ਬਰਮਿੰਘਮ ਟੈਸਟ 'ਚ 141 ਅਤੇ 65 ਦੌੜਾਂ ਦੀ ਪਲੇਅਰ ਆਫ ਦਿ ਮੈਚ ਪਾਰੀ ਖੇਡਣ ਵਾਲੇ ਉਸਮਾਨ ਖਵਾਜਾ ਰੈਂਕਿੰਗ 'ਚ ਸੱਤਵੇਂ ਸਥਾਨ 'ਤੇ ਆ ਗਏ ਹਨ। ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹੀ ਚੋਟੀ ਦੇ 10 'ਚ ਸ਼ਾਮਲ ਇਕੋ ਇਕ ਭਾਰਤੀ ਬੱਲੇਬਾਜ਼ ਹਨ।