ਨਵੀਂ ਦਿੱਲੀ: 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਐਮਸੀ ਮੈਰੀਕਾਮ ਨੇ ਬੁੱਧਵਾਰ ਨੂੰ ਆਪਣੀ ਆਨਲਾਈਨ ਕਲਾਸ ਵਿੱਚ 25 ਹਜ਼ਾਰ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਮੁੱਕੇਬਾਜ਼ੀ ਸਿਰਫ਼ ਪੁਰਸ਼ਾਂ ਦਾ ਖੇਡ ਨਹੀਂ ਹੈ।
ਰਾਜ ਸਭਾ ਮੈਂਬਰ ਮੈਰੀਕਾਮ ਨੇ ਇੱਕ ਪ੍ਰੋਗਰਾਮ ਦੇ ਹਿੱਸੇ ਵਜੋਂ ਲਾਈਵ ਸੈਸ਼ਨ ਦਾ ਆਯੋਜਨ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਸੈਸ਼ਨ 60 ਮਿੰਟ ਤੱਕ ਚੱਲਿਆ ਜਿਸ ਵਿੱਚ ਮੈਰੀਕਾਮ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਫ਼ਲਤਾ ਪ੍ਰਾਪਤ ਕਰਨ ਲਈ ਕਿਸ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਪਾਰ ਕੀਤਾ ਹੈ।
ਲੰਡਨ ਓਲੰਪਿਕ 2012 ਦੀ ਕਾਂਸੀ ਦੀ ਤਮਗਾ ਜੇਤੂ ਮੈਰੀਕਾਮ ਨੇ ਸੈਸ਼ਨ ਵਿੱਚ ਹਿੱਸਾ ਲੈਣ ਵਾਲੀਆਂ ਲੜਕੀਆਂ ਨੂੰ ਇੱਕ ਵਿਸ਼ੇਸ਼ ਸੰਦੇਸ਼ ਦਿੰਦਿਆਂ ਕਿਹਾ, "ਮੁੱਕੇਬਾਜ਼ੀ ਸਿਰਫ਼ ਪੁਰਸ਼ਾਂ ਦੀ ਖੇਡ ਨਹੀਂ ਹੈ।" ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਦੇ ਹੋਰ ਸਵਾਲਾਂ ਦੇ ਜਵਾਬ ਦਿੱਤੇ।