ਨਵੀਂ ਦਿੱਲੀ:ਸਰਬੀਆ ਦੇ 36 ਸਾਲਾ ਖਿਡਾਰੀ ਨੋਵਾਕ ਜੋਕੋਵਿਚ ਨੇ ਟੈਨਿਸ ਦੇ ਇਤਿਹਾਸ 'ਚ ਆਪਣਾ ਨਾਂ ਸੁਨਹਿਰੀ ਅੱਖਰਾਂ 'ਚ ਦਰਜ ਕਰਵਾਇਆ ਹੈ। ਹੁਣ ਜੋਕੋਵਿਚ ਸਭ ਤੋਂ ਵੱਧ 23 ਗਰੈਂਡ ਸਲੈਮ ਖਿਤਾਬ ਆਪਣੇ ਨਾਂ ਕਰਨ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣ ਗਏ ਹਨ। ਜੋਕੋਵਿਚ ਨੇ ਐਤਵਾਰ 11 ਜੂਨ ਨੂੰ ਫਰੈਂਚ ਓਪਨ 2023 ਦੇ ਫਾਈਨਲ ਮੈਚ ਵਿੱਚ ਕੈਸਪਰ ਰੁਡ ਨੂੰ ਹਰਾਇਆ ਹੈ। ਇਸ ਜਿੱਤ ਨਾਲ ਜੋਕੋਵਿਚ ਨੇ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਨੂੰ ਪਛਾੜ ਦਿੱਤਾ ਹੈ। ਫਾਈਨਲ ਮੈਚ ਵਿੱਚ ਜੋਕੋਵਿਚ ਨੇ ਕੈਸਪਰ ਰੱਡ ਦੀ ਸਖ਼ਤ ਚੁਣੌਤੀ ਨੂੰ ਤਿੰਨ ਸੈੱਟਾਂ ਵਿੱਚ ਪਛਾੜ ਕੇ ਆਪਣਾ ਤੀਜਾ ਫ੍ਰੈਂਚ ਓਪਨ ਪੁਰਸ਼ ਸਿੰਗਲ ਖਿਤਾਬ ਜਿੱਤਿਆ ਅਤੇ ਨਾਲ ਹੀ ਆਪਣਾ 23ਵਾਂ ਇਤਿਹਾਸਕ ਗ੍ਰੈਂਡ ਸਲੈਮ ਵੀ ਜਿੱਤ ਲਿਆ।
ਨੋਵਾਕ ਜੋਕੋਵਿਚ ਬਣੇ ਨੰਬਰ ਵਨ : ਸਰਬੀਆਈ ਖਿਡਾਰੀ ਜੋਕੋਵਿਚ ਨੇ ਫ੍ਰੈਂਚ ਓਪਨ ਫਾਈਨਲ ਜਿੱਤਦੇ ਹੀ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਨੂੰ ਪਛਾੜ ਦਿੱਤਾ। ਜੋਕੋਵਿਚ ਨੇ 3 ਘੰਟੇ 13 ਮਿੰਟ ਤੱਕ ਚੱਲੇ ਮੈਚ 'ਚ 7-6, 6-3, 7-5 ਨਾਲ ਜਿੱਤ ਦਰਜ ਕੀਤੀ। ਹੁਣ ਇਸ ਜਿੱਤ ਤੋਂ ਬਾਅਦ ਜੋਕੋਵਿਚ ਨਡਾਲ ਤੋਂ ਇੱਕ ਖਿਤਾਬ ਅੱਗੇ ਹੋ ਗਏ ਹਨ। ਇਸ ਦੇ ਨਾਲ ਹੀ ਟੈਨਿਸ ਤੋਂ ਸੰਨਿਆਸ ਲੈ ਚੁੱਕੇ ਰੋਜਰ ਫੈਡਰਰ ਤੋਂ 3 ਖਿਤਾਬ ਅੱਗੇ ਹਨ। ਜੋਕੋਵਿਚ ਨੇ ਫ੍ਰੈਂਚ ਓਪਨ ਦੇ ਸੈਮੀਫਾਈਨਲ 'ਚ ਸਪੇਨ ਦੇ ਵਿਸ਼ਵ ਨੰਬਰ ਇਕ ਚੈਂਪੀਅਨ ਕਾਰਲੋਸ ਅਲਕਾਰਜ਼ ਨੂੰ ਹਰਾ ਕੇ 23ਵੇਂ ਗ੍ਰੈਂਡ ਸਲੈਮ ਵੱਲ ਕਦਮ ਵਧਾਇਆ ਹੈ। ਉਸ ਨੇ ਐਤਵਾਰ 11 ਜੂਨ ਨੂੰ ਫਰੈਂਚ ਓਪਨ ਦੇ ਫਾਈਨਲ ਵਿੱਚ ਆਪਣਾ ਸੁਪਨਾ ਪੂਰਾ ਕਰ ਲਿਆ ਹੈ।