ਚੰਡੀਗੜ੍ਹ: ਚੀਨ ਦੇ ਹਾਂਗਜ਼ੂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਏਸ਼ੀਆਈ ਖੇਡਾਂ ਦੇ ਤੀਜੇ ਦਿਨ ਭਾਰਤ ਨੇ 1 ਸੋਨ ਤਮਗੇ ਸਮੇਤ 3 ਤਮਗੇ ਜਿੱਤੇ। ਭਾਰਤ ਨੇ 3 ਦਿਨਾਂ ਵਿੱਚ ਕੁੱਲ 14 ਤਮਗੇ ਜਿੱਤੇ ਸਨ। ਹੁਣ ਭਾਰਤ ਦੇ ਖਾਤੇ ਵਿੱਚ ਚੌਥੇ ਦਿਨ ਦਾ ਪਹਿਲਾ ਤਮਗਾ ਜੁੜ ਗਿਆ ਹੈ। ਦੱਸ ਦਈਏ ਦੇਸ਼ ਲਈ ਪੰਜਾਬ ਦੀ ਧੀ ਸਿਫਤ ਕੌਰ ਸਮਰਾ (Sifat Samra won the gold medal) ਨੇ ਕਮਾਲ ਕਰਦਿਆਂ ਵਿਅਕਤੀਗਤ ਵਰਗ ਵਿੱਚ ਸੋਨ ਤਮਗਾ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗਾ ਹਾਸਿਲ ਕੀਤਾ ਹੈ। ਭਾਰਤ ਨੇ 27 ਸਤੰਬਰ ਨੂੰ ਦਿਨ ਦਾ ਆਪਣਾ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ ਸੀ। ਇਹ ਚਾਂਦੀ ਦਾ ਤਮਗਾ ਸਿਫਤ ਕੌਰ ਸਮਰਾ, ਆਸ਼ੀ ਚੌਕਸੇ ਅਤੇ ਮਾਨਿਨੀ ਕੌਸ਼ਿਕ ਦੀ ਤਿਕੜੀ ਨੇ 50 ਮੀਟਰ ਰਾਈਫਲ 3ਪੀ ਟੀਮ ਈਵੈਂਟ ਵਿੱਚ ਜਿੱਤਿਆ। ਭਾਰਤ ਲਈ ਇਹ 15ਵਾਂ ਤਮਗਾ ਹੈ। ਹੁਣ ਭਾਰਤ ਦੇ ਖਾਤੇ 'ਚ ਕੁੱਲ 15 ਮੈਡਲ ਹਨ, ਜਿਨ੍ਹਾਂ 'ਚ ਚਾਰ ਦਿਨਾਂ ਦੇ ਮੈਡਲ ਸ਼ਾਮਲ ਹਨ।
ਖੇਡ ਮੰਤਰੀ ਨੇ ਦਿੱਤੀ ਵਧਾਈ:ਫਰੀਦਕੋਟ ਦੀ ਰਹਿਣ ਵਾਲੀ ਸਿਫਤ ਸਮਰਾ ਨੇ 50 ਮੀਟਰ ਰਾਈਫਲ ਈਵੈਂਟ (50 meter rifle event) ਵਿੱਚ ਦੇਸ਼ ਦੀ ਝੋਲੀ ਵਿਅਕਤੀ ਗਤ ਵਰਗ ਵਿੱਚ ਸੋਨਾ ਦੇ ਤਮਗਾ ਅਤੇ ਟੀਮ ਵਰਗ ਵਿੱਚ ਚਾਂਦੀ ਤਮਗਾ ਪਾਇਆ। ਇਸ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੋਸ਼ਲ ਮੀਡੀਆ ਪਲੇਟਫਾਰ X ਰਾਹੀਂ ਜੇਤੂ ਖਿਡਾਰਣ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੂਰੇ ਪੰਜਾਬ ਸਮੇਤ ਦੇਸ਼ ਨੂੰ ਸਿਫਤ ਕੌਰ ਸਮਰਾ ਉੱਤੇ ਮਾਣ ਹੈ। (Sifat Kaur won gold and silver medals)
ਸਾਡੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਅੱਜ ਏਸ਼ੀਅਨ ਗੇਮਜ਼ ਵਿੱਚ ਭਾਰਤ ਲਈ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। ਸਿਫ਼ਤ ਨੇ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਵਿਅਕਤੀਗਤ ਵਰਗ ਵਿੱਚ ਨਵੇਂ ਵਿਸ਼ਵ ਰਿਕਾਰਡ ਨਾਲ ਸੋਨੇ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਸਾਡੀ ਹੋਣਹਾਰ ਨਿਸ਼ਾਨੇਬਾਜ਼ ਨੂੰ ਬਹੁਤ-ਬਹੁਤ ਮੁਬਾਰਕਾਂ।..ਗੁਰਮੀਤ ਸਿੰਘ ਮੀਤ ਹੇਅਰ,ਖੇਡ ਮੰਤਰੀ,ਪੰਜਾਬ
ਵੱਖ-ਵੱਖ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ: ਦੱਸ ਦੇਈਏ ਏਸ਼ੀਆਈ ਖੇਡਾਂ 2023 ਵਿੱਚ ਪੰਜਾਬ ਦੇ ਖਿਡਾਰੀਆਂ ਨੇ ਹੁਣ ਤੱਕ ਕਈ ਮੈਡਲ ਦੇਸ਼ ਦੀ ਝੋਲੀ ਵਿੱਚ ਪਾਏ ਹਨ। ਭਾਰਤੀ ਮਹਿਲਾ ਕ੍ਰਿਕਟ ਟੀਮ (Indian women cricket team) ਨੇ ਫਾਈਨਲ ਵਿੱਚ ਸ੍ਰੀਲੰਕਾ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਸੀ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਕਨਿਕਾ ਆਹੂਜਾ ਪੰਜਾਬ ਤੋਂ ਹਨ। ਇਸੇ ਤਰ੍ਹਾਂ ਰੋਇੰਗ ਖੇਡ ਵਿੱਚ ਪੁਰਸ਼ਾਂ ਦੀ ਕੁਆਡਰੱਪਲ ਸਕੱਲਜ਼ ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ, ਜਿਸ ਵਿੱਚ ਦੋ ਖਿਡਾਰੀ ਸੁਖਮੀਤ ਸਿੰਘ ਅਤੇ ਸਤਨਾਮ ਸਿੰਘ ਪੰਜਾਬ ਦੇ ਮਾਨਸਾ ਨਾਲ ਸਬੰਧਤ ਹਨ। ਰੋਇੰਗ ਵਿੱਚ ਹੀ ਭਾਰਤ ਨੇ ਕੌਕਸਲੈਸ ਫੋਰ ਵਿੱਚ ਵੀ ਕਾਂਸੀ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਪੰਜਾਬ ਦਾ ਜਸਵਿੰਦਰ ਸਿੰਘ ਵੀ ਸ਼ਾਮਲ ਸੀ। ਜਸਵਿੰਦਰ ਸਿੰਘ ਨੇ ਕੱਲ੍ਹ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਨਿਸ਼ਾਨੇਬਾਜ਼ੀ ਵਿੱਚ ਭਾਰਤੀ ਟੀਮ ਨੇ ਰੈਪਿਡ ਫਾਇਰ ਪਿਸਟਲ ਕਾਂਸੀ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਪੰਜਾਬ ਦਾ ਵਿਜੈਵੀਰ ਸਿੱਧੂ ਸ਼ਾਮਲ ਸੀ।